ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/37

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕੈਦ

ਨਜਾਤ ਕੇਹੀ? ਮੁਕਤੀ ਕੇਹੀ? ਆਜ਼ਾਦੀ ਕੇਹੀ?
ਕਿਉਂ? ਕਿਵੇਂ? ਕਾਹਦੇ ਤੋਂ? ਕਾਹਦੇ ਲਈ?
ਨਜਾਤ ਇਕ ਖਾਬ ਹੈ, ਮੁਕਤੀ ਇਕ ਸੁਫਨਾ, ਆਜ਼ਾਦੀ ਇਕ ਧੋਖਾ।
ਉਸ ਨੇ ਆਪ ਬੰਧਨ ਰਚੇ,
ਆਪਣੇ ਲਈ ਮੇਰੇ ਲਈ।

ਮੈਂ ਖੁਸ਼ ਹਾਂ ਕਿ ਕੈਦ ਹਾਂ,
ਇਸ ਕੈਦ ਤੋਂ ਲੱਖ ਆਜ਼ਾਦੀਆਂ ਸਦਕੇ।
ਜੋ ਕੈਦ ਨਹੀਂ, ਉਹ ਖੁਸ਼ ਕਿਵੇਂ?

ਮੈਂ ਕੈਦ ਹਾਂ- ਉਸ ਦੇ ਪਿਆਰ-ਖਾਨੇ ਵਿੱਚ,
ਮੈਂ ਬੰਦ ਹਾਂ- ਉਸ ਦੀ ਤੱਕ ਦੀ ਹੱਦ ਅੰਦਰ,
ਮੈਂ ਬੱਧਾ ਹਾਂ- ਉਸ ਦੀ ਰਜ਼ਾ ਦੇ ਵਲਗਣਾਂ ਅੰਦਰ,
ਮੈਂ ਕੈਦ ਹਾਂ, ਮੈਂ ਖੁਸ਼ ਹਾਂ।

੩੨