ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/32

ਇਹ ਸਫ਼ਾ ਪ੍ਰਮਾਣਿਤ ਹੈ



ਜ਼ਿੰਦਗੀ

ਮੈਂ ਸੌਂ ਗਿਆ ਤੇ ਸੁਫਨਿਆ-
ਕਿ ਜ਼ਿੰਦਗੀ ਆਜ਼ਾਦ ਸੀ,
ਕਿ ਜ਼ਿੰਦਗੀ ਆਬਾਦ,
ਕਿ ਜ਼ਿੰਦਗੀ ਹੀ ਸਵਾਦ ਸੀ

ਮੈਂ ਜਾਗਿਆ ਤੇ ਵੇਖਿਆ-
ਕਿ ਜ਼ਿੰਦਗੀ ਇਕ ਫਰਜ਼ ਸੀ,
ਕਿ ਜ਼ਿੰਦਗੀ ਇਕ ਕਰਜ਼ ਸੀ,
ਕਿ ਜ਼ਿੰਦਗੀ ਇਕ ਮਰਜ਼ ਸੀ।

ਮੈਂ ਸੋਚਿਆ ਤੇ ਸਮਝਿਆ-
ਕਿ ਫ਼ਰਜ਼ ਹੀ ਆਜ਼ਾਦ ਹੈ,
ਕਿ ਕਰਜ਼ ਹੀ ਆਬਾਦ ਹੈ,
ਕਿ ਮਰਜ਼ ਹੀ ਇਕ ਸਵਾਦ ਹੈ।

੨੭