ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/29

ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਬੰਦ ਕੋਠੜੀ ਵਿਚ ਕਈ ਕਾਲ,
ਹਵਾੜੇ ਉੱਡ ਗਏ ਐਵੇਂ ਜਿੰਦ ਮੇਰੀ ਗਈ ਦੇ।

ਹਾਏ! ਹਾਏ!!
ਅੰਦਰ ਦਾ ਹਨੇਰਾ, ਕਾਲਾ ਕੁਰੂਪ, ਕਾਲਖ ਮੇਰੀ ਕੋਠੜੀ ਦੀ ਤਾਰੀਕੀ,
ਸੁੰਞੀ, ਸੱਖਣੀ, ਨਿਖਸਮੀ, ਭਾਂ ਭਾਂ ਕਰਦੀ, ਡਰਾਂਦੀ ਮੈਨੂੰ,
ਅੰਦਰ ਹੁਣ ਹੋਰ ਕੋਈ ਨਾ, ਜੱਗ ਸਾਰਾ ਬਾਹਰ, ਮੈਂ ਜੱਗ ਤੋਂ ਅੱਡ,

ਆਪਣਾ ਆਪ ਮੇਰਾ ਡਰਦਾ ਆਪਣੇ ਆਪ ਕੋਲੋਂ।
ਹੋਰ ਕੋਈ ਨਾ ਡਰਾਂਦਾ ਹੁਣ,
ਅੰਦਰਲਾ ਹਨੇਰਾ, ਅੰਦਰਲੀ ਸੁੰਞ ਖਾਂਦੀ ਮੈਨੂੰ ਮੂੰਹ ਪਾੜ ਪਾੜ,
ਢਾਠ ਪੈਂਦੀ ਜਾਂਦੀ ਅੰਦਰੋ ਅੰਦਰ, ਕਿਰਦਾ ਜਾਂਦਾ ਅੰਦਰਲਾ ਮੇਰਾ,
ਘਾਊਂ ਮਾਊਂ ਹੁੰਦਾ,
ਬਹਿੰਦਾ ਜਾਂਦਾ, ਢਹੁੰਦਾ ਜਾਂਦਾ, ਹਿੱਸਦਾ, ਹੁੱਟਦਾ, ਟੁੱਟਦਾ,
ਕੁੱਸਦਾ, ਸੁੱਕਦਾ,
ਘਾਬਰਦਾ, ਘੁੱਟਦਾ, ਸਿਮਟਦਾ, ਸੁੰਗੜਦਾ, ਡਿਗਦਾ ਜਾਂਦਾ ਨੀਵੀਂ
ਨੀਵੀਂ ਕਿਸੇ ਨਿਵਾਣ ਵਿਚ,
ਪੈਂਦਾ ਜਾਂਦਾ ਕਬਰ ਹਨੇਰੀ ਵਿਚ, ਮੇਰਾ ਅੰਦਰਲਾ।
'ਮੈਂ ਮੋਈ! ਮੈਂ ਮੋਈ!!' ਆਖ ਕੇ ਮੈਂ ਰੋਈ,
ਫੁੱਟੀ ਮੈਂ, ਛਹਿਬਰਾਂ ਲੱਗੀਆਂ, ਵੱਗੀ ਮੈਂ, ਤੇ ਵਹਿਣ ਵੱਗੇ,
ਕੜ ਟੁਟਿਆ ਮੇਰਾ, ਚਸ਼ਮੇ ਚੱਲੇ,
ਵਗ ਤੁਰਿਆ ਅੰਦਰਲਾ ਸਾਰਾ, ਢਲ ਟੁਰਿਆ ਅੱਖਾਂ ਥਾਣੀ,
ਲਾ ਪਤਾ ਲਾ ਪਤੇ ਵੱਲ।

੨੪