ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਇਕ ਰਾਹੀ ਹਾਂ, ਮਜਲਾਂ ਮਾਰਿਆ,
ਕਿਤੋਂ ਨਾ ਟੁਰਿਆ, ਕਿਤੇ ਨਾ ਪੁੱਜਾ,
ਟੁਰਦਾ ਜਾਂਦਾ ਬਿਨ ਮਰਜ਼ੀ ਆਪਣੀ,
ਟੁਰਨ ਲਿਖਿਆ ਮੇਰੇ ਲੇਖ, ਸਫਰਾਂ ਲਈ ਬਣਿਆ ਮੈਂ,
ਬਸ ਟੁਰਨਾ ਤੇ ਉਸ ਟੋਰ ਦਾ ਸਵਾਦ,
ਬਸ ਥੱਕਣਾ ਤੇ ਉਸ ਥਕਾਵਟ ਦੀ ਮਸਤੀ,
ਮਿਲਣਾ ਹੋਰ ਰਾਹੀਆਂ ਨੂੰ ਤੇ ਉਸ ਮੇਲ ਦੇ ਅਨੰਦ,
ਯਾਰੀਆਂ ਲਾਈਆਂ ਜਦੋਂ ਦਾਅ ਲਗੇ, ਤੇ ਤੋੜਨੀਆਂ ਜਦੋਂ ਟੁੱਟਣ
ਬੇ-ਵੱਸ।
ਇਹਨਾਂ ਲੱਗੀਆਂ ਦੇ ਸਵਾਦ, ਤੇ ਟੁਟੀਆਂ ਦੀਆਂ ਟੋਟਾਂ,
ਪੁੱਗੀਆਂ ਦੇ ਚਾਅ, ਅਣ-ਪੁੱਗੀਆਂ ਦੀਆਂ ਰੀਝਾਂ,
ਪੱਕੀਆਂ ਦੀਆਂ ਖੁਸ਼ੀਆਂ, ਕੱਚੀਆਂ ਦੀਆਂ ਹਸਰਤਾਂ,
ਇਹ ਹੈ ਮੇਰਾ ਨਫ਼ਾ, ਜਿਨਾਂ ਕੁ ਮੈਂ ਖਟ ਲਵਾਂ,
ਮੈਂ ਇਕ ਰਾਹੀ ਹਾਂ।

੧੫