ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/98

ਇਹ ਸਫ਼ਾ ਪ੍ਰਮਾਣਿਤ ਹੈ

ਜੇ ਧਨ ਜਾਂਦਾ ਵੇਖੀਏ, ਅੱਧਾ ਦਈਏ ਵੰਡ——ਭਾਵ ਇਹ ਹੈ ਕਿ ਜੇਕਰ ਕਿਸੇ ਕੰਮ ਵਿੱਚ ਬਹੁਤ ਸਾਰਾ ਨੁਕਸਾਨ ਹੋਣ ਦਾ ਖ਼ਤਰਾ ਹੋਵੇ ਤਾਂ ਥੋੜ੍ਹਾ ਬਹੁਤ ਦੇ ਕੇ ਬਾਕੀ ਦਾ ਬਚਾ ਲੈਣ ਵਿੱਚ ਹੀ ਸਿਆਣਪ ਹੈ।

ਜੇ ਪਤ ਲੋੜੋਂ ਆਪਣੀ ਛੱਡ ਬੁਰੇ ਦਾ ਸਾਥ——ਇਸ ਅਖਾਣ ਦਾ ਭਾਵ ਇਹ ਹੈ ਕਿ ਭੈੜੇ ਤੇ ਬੁਰੇ ਕੰਮ ਕਰਨ ਵਾਲ਼ੇ ਬੰਦਿਆਂ ਦੀ ਸੰਗਤ ਵਿੱਚ ਰਹਿਕੇ ਬਦਨਾਮੀ ਹੀ ਪੱਲੇ ਪੈਂਦੀ ਹੈ। ਇਹਨਾਂ ਦਾ ਸੰਗ ਤਿਆਗਣ ਵਿੱਚ ਹੀ ਭਲਾ ਹੈ।

ਜੇ ਮਾਂਹ ਨਾ ਹੋਣ ਖੁਲਾਸੇ, ਤਾਂ ਕਾਹਦੇ ਖੁਸ਼ੀਆਂ ਹਾਸੇ——ਭਾਵ ਇਹ ਹੈ ਕਿ ਜੇਕਰ ਲੋੜੀਂਦੀਆਂ ਵਸਤਾਂ ਹੀ ਨਾ ਮਿਲਣ ਤਾਂ ਜੀਵਨ ਜੀਣ ਦੀ ਕਾਹਦੀ ਖ਼ੁਸ਼ੀ ਹੈ।

ਜਿਹਾ ਕੰਤ ਘਰ ਰਿਹੋਂ, ਕਿਹਾ ਗਇਉਂ ਪਰਦੇਸ——ਇਹ ਅਖਾਣ ਕਿਸੇ ਨਿਕੰਮੀ ਚੀਜ਼ ਜਾਂ ਨਿਕੰਮੇ ਬੰਦੇ ਲਈ ਵਰਤਿਆ ਜਾਂਦਾ ਹੈ, ਜਿਸ ਦਾ ਘਰ ਵਾਲ਼ਿਆਂ ਨੂੰ ਕੋਈ ਸੁਖ ਨਹੀਂ ਹੁੰਦਾ।

ਜੇਹੀ ਸੀਤਲਾ ਦੇਵੀ, ਤੇਹਾ ਖੋਤੇ ਦਾ ਵਾਹਣ——ਭਾਵ ਇਹ ਹੈ ਕਿ ਜਿਹੋ ਜਿਹਾ ਬੰਦਾ ਹੋਵੇ, ਉਹੋ ਜਿਹਾ ਹੀ ਉਸ ਨਾਲ਼ ਵਰਤਾਉ ਕੀਤਾ ਜਾਂਦਾ ਹੈ——ਜੇਹਾ ਮੂੰਹ ਹੀ ਚੁਪੇੜ।

ਜੇਹੀ ਕੋਕੇ ਤੇਹੇ ਕੋਕੇ ਦੇ ਬੱਚੇ——ਜਦੋਂ ਬੱਚਿਆਂ ਦਾ ਸੁਭਾਅ ਅਤੇ ਕਿਰਦਾਰ ਆਪਣੀ ਮਾਂ ਦੇ ਭੈੜੇ ਸੁਭਾਅ ਅਤੇ ਕਿਰਦਾਰ ਨਾਲ ਮਿਲਦਾ-ਜੁਲਦਾ ਹੋਵੇ, ਉਦੋਂ ਇਹ ਅਖਾਣ ਬੋਲਦੇ ਹਨ।

ਜੇਹੀ ਜ਼ਾਤ ਤੇਹੀ ਬਾਤ——ਭਾਵ ਸਪੱਸ਼ਟ ਹੈ ਕਿ ਕਿਸੇ ਮਨੁੱਖ ਦੇ ਗੱਲਬਾਤ ਕਰਨ ਦਾ ਢੰਗ ਉਸ ਦੇ ਜੀਵਨ ਪੱਧਰ ਅਨੁਸਾਰ ਹੀ ਹੁੰਦਾ ਹੈ।

ਜੇਹੀ ਨੀਤ ਤੇਹੀ ਮੁਰਾਦ——ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਮਾੜੀ ਨੀਅਤ ਵਾਲੇ ਬੰਦੇ ਦਾ ਕੋਈ ਨੁਕਸਾਨ ਹੋ ਜਾਵੇ।

ਜੇਹੇ ਭਾਂਡੇ ਤੇਹੇ ਅਵਾਜ਼ੇ——ਭਾਵ ਇਹ ਹੈ ਕਿ ਕਿਸੇ ਮਨੁੱਖ ਦੇ ਗੱਲਬਾਤ ਕਰਨ ਦੇ ਢੰਗ ਤੋਂ ਉਸ ਦੇ ਜੀਵਨ ਪੱਧਰ ਅਤੇ ਖ਼ਾਸੀਅਤ ਦਾ ਪਤਾ ਲੱਗ ਜਾਂਦਾ ਹੈ।

ਜੇਡੇ ਸਿਰ ਓਡੀਆਂ ਸਿਰ ਪੀੜਾਂ——ਭਾਵ ਇਹ ਹੈ ਕਿ ਜਿੰਨੀਆਂ ਕਿਸੇ ਨੂੰ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣ, ਓਨੇ ਹੀ ਉਹਦੇ ਫ਼ਿਕਰ ਵੱਧ ਜਾਂਦੇ ਹਨ——ਜਿੰਨੇ ਵੱਡੇ ਕੰਮ ਕਾਜ ਓਨੀ ਹੀ ਭੱਜ ਦੌੜ।

ਜੈਸੀ ਕਰਨੀ ਤੈਸੀ ਭਰਨੀ——ਭਾਵ ਇਹ ਹੈ ਕਿ ਹਰ ਇਨਸਾਨ ਨੂੰ ਆਪਣੀ ਕਰਨੀ ਦਾ ਫ਼ਲ ਮਿਲਦਾ ਹੈ——ਚੰਗੇ ਨੂੰ ਚੰਗਾ ਤੇ ਮੰਦੇ ਨੂੰ ਮੰਦਾ।

ਜਗਤ ਨਾਲ਼ ਚੱਲੇ ਸਭ ਕੁਝ ਪੱਲੇ——ਇਸ ਅਖਾਣ ਵਿੱਚ ਸੰਜਮ ਅਤੇ ਵਿਉਂਤ ਨਾਲ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ ਗਈ ਹੈ।

ਲੋਕ ਸਿਆਣਪਾਂ/96