ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/54

ਇਹ ਸਫ਼ਾ ਪ੍ਰਮਾਣਿਤ ਹੈ

ਹਮ ਸਾਏ, ਮਾਂ ਪਿਉ ਜਾਏ——ਭਾਵ ਇਹ ਹੈ ਕਿ ਆਪਣੇ ਗੁਆਂਢੀਆਂ ਨਾਲ਼ ਸਦਾ ਸੁਖਾਵੇਂ ਤੇ ਪਿਆਰ ਭਰੇ ਸਬੰਧ ਰੱਖਣੇ ਚਾਹੀਦੇ ਹਨ ਅਤੇ ਉਹਨਾਂ ਪ੍ਰਤੀ ਚੰਗੇਰੀ ਭਾਵਨਾ ਰੱਖਣੀ ਉੱਚਿਤ ਹੈ।

ਹਰ ਹਰ ਗੰਗਾ, ਧੰਙਾਣੇ ਲਿਆ ਪੰਗਾ——ਜਦੋਂ ਆਪਣੀ ਗ਼ਲਤੀ ਨਾਲ਼ ਮੁਸੀਬਤ ਗਲ਼ ਪੈ ਜਾਵੇ, ਉਦੋਂ ਇੰਜ ਆਖਦੇ ਹਨ।

ਹਰਦਵਾਰ ਦਾ ਰਾਹ ਤਾਂ ਹਰ ਕੋਈ ਦੱਸਦਾ ਹੈ ਪੱਲੇ ਖ਼ਰਚ ਕੋਈ ਨਹੀਂ ਬੰਨ੍ਹਦਾ——ਵਧੇਰੇ ਖ਼ਰਚ ਲਈ ਸੁਝਾਅ ਦੇਣ ਵਾਲੇ ਤਾਂ ਬਹੁਤ ਹਨ ਪ੍ਰੰਤੂ ਖ਼ਰਚੇ ਵਿੱਚ ਭਾਈਵਾਲ ਕੋਈ ਨਹੀਂ ਬਣਦਾ।

ਹਰ ਮਸਾਲੇ ਵਿੱਚ ਪਿੱਪਲਾ ਮੂਲ——ਜਦੋਂ ਕੋਈ ਬੰਦਾ ਹਰ ਮਹਿਫ਼ਲ ਵਿੱਚ ਮੂਹਰੇ-ਮੂਹਰੇ ਫਿਰਦਾ ਨਜ਼ਰ ਆਵੇ ਤਾਂ ਉਸ ਲਈ ਇਹ ਅਖਾਣ ਵਰਤਦੇ ਹਨ।

ਹਰਾਮ ਦਾ ਮਾਲ ਹਰਾਮ ਦੇ ਰਾਹ ਹੀ ਜਾਂਦਾ ਹੈ——ਭਾਵ ਅਰਥ ਸਪੱਸ਼ਟ ਹੈ। ਬਿਨਾਂ ਮਿਹਨਤ ਕੀਤੀ ਕਮਾਈ ਅਜਾਈਂ ਖ਼ਤਮ ਹੋ ਜਾਂਦੀ ਹੈ। ਅਣਕਮਾਇਆ ਧਨ ਫ਼ਜ਼ੂਲ ਖ਼ਰਚੀ ਰਾਹੀਂ ਛੇਤੀ ਉੱਡ-ਪੁੱਡ ਜਾਂਦਾ ਹੈ।

ਹਵੇਲੀ ਮੀਏਂ ਬਾਕਰ ਦੀ, ਵਿਚ ਸਲੇਮੋ ਆਕੜ ਦੀ——ਜਦੋਂ ਕੋਈ ਗ਼ਰੀਬ, ਕਮਜ਼ੋਰ ਜਾਂ ਹੀਣਾ ਬੰਦਾ ਆਪਣੇ ਕਿਸੇ ਦੂਰ ਦੇ ਤਕੜੇ ਤੇ ਅਮੀਰ ਰਿਸ਼ਤੇਦਾਰ ਦਾ ਰਿਸ਼ਤੇਦਾਰ ਹੋਣ ਦਾ ਮਾਣ ਕਰੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਹਾਂ ਜੀ ਹਾਂ ਜੀ ਕਹਿੰਦੇ ਆਂ, ਸਦਾ ਸੁਖੀ ਰਹਿੰਦੇ ਹਾਂ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਬਿਨਾਂ ਕਿਸੇ ਉਜਰ ਦੇ ਹੁਕਮ ਮੰਨਣ ਵਾਲਾ ਬੰਦਾ ਸਦਾ ਸੁਖੀ ਰਹਿੰਦਾ ਹੈ। ਇਹ ਅਖਾਣ ਖ਼ੁਸ਼ਾਮਦੀ ਕਰਮਚਾਰੀਆਂ ਲਈ ਵੀ ਵਰਤਿਆ ਜਾਂਦਾ ਹੈ।

ਹਾਸੇ ਦਾ ਮੜ੍ਹਾਸਾ ਹੋ ਜਾਂਦਾ ਹੈ-ਕਈ ਵਾਰੀ ਹਾਸੇ——ਹਾਸੇ ਵਿੱਚ ਹੀ ਮੂੰਹੋਂ ਅਜਿਹੀ ਗੱਲ ਨਿਕਲ ਜਾਂਦੀ ਹੈ ਜਿਸ ਕਰਕੇ ਬੇਸੁਆਦੀ ਜਾਂ ਲੜਾਈ ਹੋ ਜਾਂਦੀ ਹੈ।

ਹਾਜ਼ਰ ਨੂੰ ਹੁੱਜਤ ਨਹੀਂ——ਭਾਵ ਇਹ ਹੈ ਕਿ ਸਾਹਮਣੇ ਬੈਠੇ ਵਿਅਕਤੀ ਦੀ ਕੋਈ ਨੁਕਤਾਚੀਨੀ ਨਹੀਂ ਕਰਦਾ। ਅੱਖ ਦੀ ਸ਼ਰਮ ਮਾਰ ਜਾਂਦੀ ਹੈ।

ਹਾਂਡੀ ਉਬਲੂ , ਆਪਣੇ ਈ ਕੰਢੇ ਸਾੜੂ——ਭਾਵ ਇਹ ਹੈ ਕਿ ਕੋਈ ਕਮਜ਼ੋਰ ਜਾਂ ਨਿਤਾਣਾ ਬੰਦਾ ਕਿਸੇ ਤੇ ਗੁੱਸਾ ਕੱਢ ਕੇ ਉਸ ਦਾ ਕੁਝ ਨਹੀਂ ਵਿਗਾੜ ਸਕਦਾ, ਸਗੋਂ ਉਸ ਦਾ ਆਪਣਾ ਹੀ ਲਹੂ ਸੜੇਗਾ।

ਹਾਣ ਨੂੰ ਹਾਣ ਪਿਆਰਾ——ਇਸ ਅਖਾਣ ਦਾ ਭਾਵ ਸਪੱਸ਼ਟ ਹੈ ਕਿ ਹਰ ਕੋਈ ਆਪਣੀ ਉਮਰ ਦੇ ਹਾਣੀਆਂ ਨੂੰ ਮਿਲ ਕੇ ਖੁਸ਼ ਰਹਿੰਦਾ ਹੈ। ਬੱਚੇ ਬੱਚਿਆਂ ਨਾਲ਼ ਖੇਡਣਾ ਪਸੰਦ ਕਰਦੇ ਹਨ।

ਹਾਥੀ ਜਿਊਂਦਾ ਲੱਖ ਦਾ, ਮੋਇਆ ਸਵਾ ਲੱਖ ਦਾ——ਜਦੋਂ ਸਮਾਂ ਪਾ ਕੇ ਕਿਸੇ ਚੀਜ਼ ਦੀ ਕਦਰ ਵੱਧ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਲੋਕ ਸਿਆਣਪਾਂ/52