ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਆ ਗੁਆਂਢਣੇ ਲੜੀਏ——ਤੀਵੀਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਾੜੀ-ਮਾੜੀ ਗੱਲ ਬਦਲੇ ਅਜਾਈਂ ਲੜ ਪੈਂਦੀਆਂ ਹਨ। ਔਰਤਾਂ ਦੇ ਝਗੜਾਲੂ ਸੁਭਾਅ ਨੂੰ ਦਰਸਾਉਂਦਾ ਹੈ ਇਹ ਅਖਾਣ।
 ਆ ਭੈਣੇ ਪਿਆਰ ਕਰੂੰ, ਪੈਰਾਂ ਹੇਠ ਅੰਗਾਰ ਧਰੂੰ——ਜਦੋਂ ਕੋਈ ਬੰਦਾ ਉਪਰੋਂ-ਉਪਰੋਂ ਹੇਜ ਦਿਖਾਵੇ ਪਰ ਅੰਦਰੋਂ ਛੁਰੀ ਚਲਾਵੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਆ ਲੜਾਈਏ ਮੇਰੇ ਵਿਹੜੇ——ਜਦੋਂ ਕੋਈ ਬੰਦਾ ਜਾਂਦੀ ਬਲਾ ਆਪਣੇ ਗਲ਼ ਪੁਆ ਕੇ ਬੇਲੋੜੀ ਲੜਾਈ ਸਹੇੜ ਲਵੇ, ਉਦੋਂ ਇਹ ਕਹਿੰਦੇ ਹਨ।

ਆਉ ਬੈਠੋ ਸਜਨੋਂ ਘਰ ਬਾਰ ਤੁਹਾਡਾ, ਖਾਉ ਪੀਉ ਆਪਣਾ ਗੁਣ ਗਾਉ ਸਾਡਾ——ਜਦੋਂ ਕੋਈ ਚੁਸਤ ਆਦਮੀ ਘਰ ਆਏ ਪ੍ਰਾਹੁਣਿਆਂ ਦੀਆਂ ਗੱਲਾਂ-ਬਾਤਾਂ ਨਾਲ ਹੀ ਸੁੱਕੀ ਆਓ ਭਗਤ ਕਰੇ ਤੇ ਆਸ ਇਹ ਰੱਖੇ ਕਿ ਪ੍ਰਾਹੁਣੇ ਉਹਦਾ ਗੁਣਗਾਣ ਕਰਨਗੇ, ਅਜਿਹੇ ਪੁਰਸ਼ ਬਾਰੇ ਇਹ ਅਖਾਣ ਬੋਲਦੇ ਹਨ।

ਆਉ ਬੈਠੋ ਪੀਉ ਪਾਣੀ, ਤਿੰਨੇ ਚੀਜ਼ਾਂ ਮੁੱਲ ਨਾ ਆਣੀ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਸਾਧਾਰਨ ਤੇ ਸਾਦਗੀ ਨਾਲ਼ ਕੀਤੀ ਪ੍ਰਾਹੁਣਾਚਾਰੀ ਤੇ ਮਿੱਠੇ-ਮਿੱਠੇ ਬੋਲਾਂ ਨਾਲ਼ ਘਰ ਆਏ ਪ੍ਰਾਹੁਣੇ ਦੇ ਕੀਤੇ ਮਾਣ ਤਾਣ ਤੇ ਬਹੁਤਾ ਖ਼ਰਚ ਨਹੀਂ ਆਉਂਦਾ। ਇਹੀ ਚੰਗੇ ਗੁਣਾਂ ਵਾਲ਼ੇ ਵਿਅਕਤੀ ਦੇ ਲੱਛਣ ਹਨ।

ਆਉਣ ਪਰਾਈਆਂ ਜਾਈਆਂ, ਵਿਛੋੜਨ ਸਕਿਆਂ ਭਾਈਆਂ——ਇਸ ਅਖਾਣ ਦਾ ਭਾਵ ਇਹ ਹੈ ਕਿ ਜਦੋਂ ਭਰਾਵਾਂ ਦੇ ਵਿਆਹ ਹੋ ਜਾਂਦੇ ਹਨ ਤਾਂ ਉਹਨਾਂ ਦੀਆਂ ਵਹੁਟੀਆਂ ਜੋ ਪਰਾਏ ਘਰੋਂ ਆਈਆਂ ਹੁੰਦੀਆਂ ਹਨ, ਉਹਨਾਂ ਨੂੰ ਆਪਸ ਵਿੱਚ ਲੜਾ ਕੇ ਵੱਖਰੇ ਕਰ ਦਿੰਦੀਆਂ ਹਨ।

ਆਉਲ਼ਿਆਂ ਦਾ ਖਾਧਾ ਤੇ ਸਿਆਣਿਆਂ ਦੀ ਮੱਤ ਪਿੱਛੋਂ ਸੁਆਦ ਦਿੰਦੀ ਹੈ——ਇਹ ਅਖਾਣ ਅੰਞਾਣ ਬੰਦਿਆਂ ਨੂੰ ਸਿੱਖਿਆ ਦੇਣ ਲਈ ਵਰਤਿਆ ਜਾਂਦਾ ਹੈ, ਸਿਆਣੇ ਦੀ ਦਿੱਤੀ ਮੱਤ ਸਮਾਂ ਬੀਤਣ 'ਤੇ ਹੀ ਸਮਝ ਆਉਂਦੀ ਹੈ।

ਆਇਆ ਸਿਆਲ ਤੇ ਮੋਏ ਕੰਗਾਲ, ਆਇਆ ਹੁਨਾਲ ਤੇ ਮੋਏ ਕੰਗਾਲ——ਭਾਵ ਸਪੱਸ਼ਟ ਹੈ ਕਿ ਗਰੀਬਾਂ ਲਈ ਤਾਂ ਸਿਆਲ ਅਤੇ ਗਰਮੀ ਦੇ ਦੋਨੋਂ ਮੌਸਮ ਸੁਖਦਾਈ ਨਹੀਂ ਹੁੰਦੇ ਕਿਉਂਕਿ ਉਹਨਾਂ ਕੋਲ ਦੋਹਾਂ ਮੌਸਮਾਂ ਨੂੰ ਮਾਣਨ ਦੇ ਸਾਧਨ ਨਹੀਂ ਹੁੰਦੇ।
 ਆਇਆ ਰਮਜ਼ਾਨ ਤੇ ਭੱਜਿਆ ਸ਼ੈਤਾਨ——ਭਾਵ ਇਹ ਹੈ ਕਿ ਮੁਸਲਮਾਨਾਂ ਲਈ ਰਮਜ਼ਾਨ ਦਾ ਮਹੀਨਾ ਸ਼ੁੱਭ ਹੁੰਦਾ ਹੈ। ਇਹ ਉਹਨਾਂ ਲਈ ਸੈਆਂ ਬਰਕਤਾਂ ਲੈ ਕੇ ਆਉਂਦਾ ਹੈ, ਇਸੇ ਕਰਕੇ ਸ਼ੈਤਾਨ ਪਤਰੇ ਵਾਚ ਜਾਂਦਾ ਹੈ।

ਆਈ ਬਸੰਤ, ਪਾਲ਼ਾ ਉਡੰਤ——ਭਾਵ ਇਹ ਹੈ ਕਿ ਬਸੰਤ ਰੁੱਤ ਆਉਣ 'ਤੇ ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ, ਮੱਠੀ-ਮੱਠੀ ਠੰਢ ਰਹਿ ਜਾਂਦੀ ਹੈ।

ਲੋਕ ਸਿਆਣਪਾਂ/28