ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/258

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੱਠ ਪੈਣਾ-ਦਫ਼ਾ ਹੋ ਜਾਣਾ, ਰਹਿਣਾ ਨਾ।
ਭੱਠ ਵਿੱਚ ਝੋਕਣਾ-ਦੁੱਖਾਂ ਤਕਲੀਫਾਂ ਵਿੱਚ ਪਾ ਦੇਣਾ।
ਭਰਿਆ ਪੀਤਾ ਹੋਣਾ-ਬਹੁਤ ਗੁੱਸੇ ਵਿੱਚ ਹੋਣਾ।
ਭਵਾਂ ਚਾੜ੍ਹਨਾ-ਤਿਊੜੀਆਂ ਪਾ ਲੈਣੀਆਂ, ਗੁੱਸਾ ਜ਼ਾਹਰ ਕਰਨਾ।
ਭੜਥੂ ਪਾਉਣਾ-ਰੌਲ਼ਾ ਪਾਉਣਾ, ਤਰਥੱਲੀ ਮਚਾ ਦੇਣੀ, ਉਧਮ ਮਚਾ ਦੇਣਾ।
ਭਾ ਦੀ ਲੈ ਆਉਣੀ-ਦੁਖੀ ਕਰਨਾ।
ਭਾਂ ਭਾਂ ਕਰਨਾ-ਐਨੀ ਸੁੰਨ ਮਸਾਣ ਹੋਣੀ ਕਿ ਡਰ ਲੱਗਣਾ।
ਭਾਗਾਂ ਦੀ ਹਾਰ ਹੋਣੀ-ਕਿਸਮਤ ਹਾਰ ਜਾਣੀ।
ਭਾਗਾਂ ਨੂੰ ਅੱਗ ਲੱਗਣੀ-ਮੰਦੇ ਦੇ ਦਿਨ ਆ ਜਾਣੇ, ਦੁੱਖ ਵਧ ਜਾਣੇ।
ਭਾਜੜ ਪੈ ਜਾਣੀ-ਹਫ਼ੜਾ ਦਫ਼ੜੀ ਮੱਚ ਜਾਣੀ।
ਭਾਂਡਾ ਚੁਰਾਹੇ ਵਿੱਚ ਭੱਜਣਾ-ਭੇਤ ਖੁੱਲ੍ਹ ਜਾਣਾ, ਪਾਜ ਉਘੜਨਾ।
ਭਾਂਡਾ ਭੱਜਣਾ-ਨਾਸ਼ ਹੋ ਜਾਣਾ।
ਭਾਣਾ ਵਰਤਣਾ-ਦੁਰਘਟਨਾ ਵਾਪਰ ਜਾਣੀ, ਕੁਦਰਤੀ ਆਫ਼ਤ ਆ ਜਾਣੀ।
ਭਾਨੀ ਮਾਰਨੀ-ਗੱਲ ਸਿਰੇ ਨਾ ਲੱਗਣ ਦੇਣੀ, ਢੁੱਚਰ ਢਾਹ ਕੇ ਹੁੰਦਾ ਕੰਮ ਵਿਗਾੜਨਾ।
ਭਾਂਪ ਲੈਣਾ-ਗੁੱਝੀ ਗੱਲ ਜਾਣ ਜਾਣੀ।
ਭਾਰ ਸਿਰੋਂ ਲਾਹੁਣਾ-ਆਪਣੀ ਜ਼ਿੰਮੇਵਾਰੀ ਮੁਕਾ ਛੱਡਣੀ।
ਭਾਰ ਸੁੱਟਣਾ-ਜੁੰਮੇਵਾਰੀ ਗਲ਼ ਪਾ ਦੇਣੀ।
ਭਾਰ ਚਾੜ੍ਹਨਾ-ਕਿਸੇ ਦੇ ਸਿਰ 'ਤੇ ਅਹਿਸਾਨ ਕਰ ਦੇਣਾ।
ਭਾਰ ਚੁੱਕਣੇ-ਜੁੰਮੇਂਵਾਰੀ ਸਿਰ 'ਤੇ ਲੈ ਲੈਣੀ।
ਭਾਰ ਵੰਡਣਾ-ਕੰਮ ਵਿੱਚ ਸਹਾਇਤਾ ਕਰਨੀ।
ਭਾਰਾ ਹੋ ਜਾਣਾ-ਮਿੰਨਤਾਂ ਕਰਵਾਉਣੀਆਂ, ਨਾਂਹ ਨੁੱਕਰ ਕਰਨਾ, ਅੜੀ ਕਰਨੀ।
ਭਾਰੂ ਹੋਣਾ-ਕਿਸੇ ਦਾ ਵਾਧੂ ਖ਼ਰਚ ਸਿਰ ’ਤੇ ਪੈ ਜਾਣਾ, ਚੰਗਾ ਨਾ ਲੱਗਣਾ।
ਭਿੱਜੀ ਬਿੱਲੀ ਬਣਨਾ-ਪਾਸਾ ਵੱਟ ਲੈਣਾ, ਦੜ ਵੱਟ ਲੈਣਾ।
ਭੁੰਏਂ ਤੇ ਪੈਰ ਨਾ ਲਾਉਣਾ-ਫੜਾਂ ਮਾਰਨੀਆਂ, ਆਕੜਾਂ ਵਿਖਾਉਣੀਆਂ, ਨਖ਼ਰੇ ਕਰਨੇ।
ਭੁੱਖ ਮਰ ਜਾਣੀ-ਚਿੰਤਾ ਕਾਰਨ ਭੁੱਖ ਨਾ ਲੱਗਣੀ।

ਲੋਕ ਸਿਆਣਪਾਂ/256