ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/245

ਇਹ ਸਫ਼ਾ ਪ੍ਰਮਾਣਿਤ ਹੈ

ਨਹੁੰ ਨਹੁੰ ਖੋਟਾ ਹੋਣਾ-ਪੂਰੀ ਤਰ੍ਹਾਂ ਧੋਖੇਬਾਜ਼ ਹੋਣਾ।
ਨਹੁੰ ਮਾਸ ਦਾ ਰਿਸ਼ਤਾ ਹੋਣਾ-ਅਟੁੱਟ ਸੰਬੰਧ ਹੋਣੇ।
ਨਹੁੰ ਲੈਣਾ-ਘੋੜੇ ਆਦਿ ਨੂੰ ਠੇਡਾ ਲੱਗਣਾ।
ਨਹੁੰਆਂ ਤਾਈਂ ਜ਼ੋਰ ਲਾਉਣਾ-ਪੂਰੀ ਕੋਸ਼ਿਸ਼ ਕਰਨੀ।
ਨੱਕ ਉੱਤੇ ਮੱਖੀ ਨਾ ਬੈਠਣ ਦੇਣੀ-ਬਹੁਤ ਹੁਸ਼ਿਆਰ ਹੋਣਾ, ਆਕੜ ਕਾਰਨ ਕਿਸੇ ਦੀ ਪ੍ਰਵਾਹ ਨਾ ਕਰਨੀ, ਪੈਰਾਂ ਤੇ ਪਾਣੀ ਨਾ ਪੈਣ ਦੇਣਾ।
ਨੱਕ ਹੇਠ ਨਾ ਲਿਆਉਣਾ-ਰੱਦ ਕਰ ਦੇਣਾ, ਪਸੰਦ ਨਾ ਕਰਨਾ, ਪ੍ਰਵਾਹ ਨਾ ਕਰਨੀ।
ਨੱਕ ਚਾੜ੍ਹਨਾ-ਨਫ਼ਰਤ ਕਰਨੀ, ਪਸੰਦ ਨਾ ਕਰਨਾ।
ਨੱਕ ਥੱਲ੍ਹੇ ਨਾ ਲਿਆਉਣਾ-ਉੱਕਾ ਹੀ ਪਸੰਦ ਨਾ ਕਰਨਾ।
ਨੱਕ ਦੀ ਸੇਧੇ ਜਾਣਾ-ਸਿੱਧਾ ਤੁਰੀ ਜਾਣਾ, ਆਪਣੇ ਵਡੇਰਿਆਂ ਦੇ ਪੂਰਨਿਆਂ 'ਤੇ ਤੁਰਨਾ।
ਨੱਕ ਨਾਲ ਲੀਕਾਂ ਕੱਢਣੀਆਂ-ਤੋਬਾ ਕਰਨੀ, ਤਰਲੇ ਮਿੰਨਤਾਂ ਕਰਨੀਆਂ, ਹਾੜ੍ਹੇ ਕੱਢਣੇ, ਮੁਆਫ਼ੀ ਮੰਗਣੀ।
ਨੱਕ ਨੱਕ ਪਾਣੀ ਆਉਣਾ-ਦੁੱਖਾਂ ਵਿੱਚ ਉਲਝ ਜਾਣਾ।
ਨੱਕ ’ਚ ਨਕੇਲ ਪਾਉਣੀ-ਵਸ ’ਚ ਕਰਨਾ, ਕਾਬੂ ਕਰਨਾ।
ਨੱਕ ਨਮੂਜ਼ ਰੱਖਣਾ-ਇੱਜ਼ਤ ਦਾ ਖ਼ਿਆਲ ਰੱਖਣਾ, ਧਰਮ ਦੀ ਪਾਲਣਾ ਕਰਨੀ।
ਨੱਕ ਨਾਲ ਲਕੀਰਾਂ ਕਢਾਣਾ-ਤੋਬਾ ਕਰਵਾਉਣੀ, ਕੰਨਾਂ ਨੂੰ ਹੱਥ ਲਾਉਣੇ।
ਨੱਕ ਬੰਦ ਕਰ ਦੇਣਾ-ਕਿਸੇ ਨੂੰ ਜ਼ਬਰਦਸਤੀ ਕਰਨੋਂ ਰੋਕ ਦੇਣਾ।
ਨੱਕ-ਮੂੰਹ ਵੱਟਣਾ-ਪਸੰਦ ਨਾ ਕਰਨਾ, ਬੁਰਾ ਮਨਾਉਣਾ।
ਨੱਕ-ਬੁੱਲ੍ਹ ਮਾਰਨੇ-ਨੁਕਸ ਛਾਂਟਣੇ, ਪਸੰਦ ਨਾ ਕਰਨਾ।
ਨੱਕ ਰੱਖਣਾ-ਭਾਈਚਾਰੇ ਵਿੱਚ ਇੱਜ਼ਤ ਕਾਇਮ ਰੱਖਣੀ, ਨਮੋਸ਼ੀ ਤੋਂ ਬਚਣਾ।
ਨੱਕ ਰਗੜਨਾ-ਮਿੰਨਤਾਂ ਕਰਨੀਆਂ, ਹਾੜ੍ਹੇ ਕੱਢਣੇ।
ਨੱਕ ਵੱਢ ਦੇਣਾ-ਬੇਇੱਜ਼ਤੀ ਕਰਵਾਉਣੀ, ਖੁਨਾਮੀ ਖੱਟਣੀ।
ਨੱਕ ਵਿੱਚੋਂ ਅਠੂੰਹੇ ਡਿੱਗਣੇ-ਨਗੋਝੀ ਹੋਣਾ, ਐਵੇਂ ਨੁਕਸ ਕੱਢੀ ਜਾਣੇ।
ਨੱਕੋ ਨੱਕ ਭਰ ਜਾਣਾ-ਮੂੰਹ ਤੱਕ ਭਰ ਜਾਣਾ, ਹੋਰ ਪਾਣ ਦੀ ਗੁੰਜਾਇਸ਼ ਨਾ ਰਹਿਣੀ।
ਨਗਾਰੇ ਦੀ ਚੋਟ ਨਾਲ ਆਖਣਾ-ਲਲਕਾਰ ਕੇ ਆਖਣਾ, ਠੋਕ ਵਜਾ ਕੇ ਆਖਣਾ।

ਲੋਕ ਸਿਆਣਪਾਂ/243