ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/208

ਇਹ ਸਫ਼ਾ ਪ੍ਰਮਾਣਿਤ ਹੈ


ਗਿੱਲ ਗਾਲ਼ ਦੇਣਾ-ਬਣਿਆ ਬਣਾਇਆ ਕੰਮ ਖ਼ਰਾਬ ਕਰ ਦੇਣਾ, ਥੋੜਾ ਵਿਗੜੇ ਕੰਮ ਨੂੰ ਜ਼ਿਆਦਾ ਖ਼ਰਾਬ ਕਰਨਾ।
ਗਿੱਲਾ ਪੀਹਣ ਪਾਉਣਾ-ਕੰਮ ਨੂੰ ਲਮਕਾਈ ਜਾਣਾ।
ਗਿੱਲੇ ਗੋਹੇ ਵਾਂਗ ਧੁਖਣਾ-ਦੁੱਖ ਵਿੱਚ ਸੜਨਾ, ਅੰਦਰੋਂ ਦੁਖੀ ਹੋਣਾ।
ਗੀਟੀਆਂ ਗਾਲ਼ਣਾ-ਐਵੇਂ ਬੇਅਰਥ ਸੋਚਾਂ 'ਚ ਡੁੱਬਿਆ ਰਹਿਣਾ।
ਗੁਆਚ ਜਾਣਾ-ਆਪਣਾ ਆਪ ਭੁੱਲ ਜਾਣਾ।
ਗੁੱਸਾ ਪੀਣਾ-ਗੁੱਸੇ ਨੂੰ ਕਾਬੂ ਕਰਨਾ, ਗੁੱਸਾ ਦਬਾ ਦੇਣਾ।
ਗੁੱਸੇ ਦੀਆਂ ਲਾਟਾਂ ਨਿਕਲਣੀਆਂ-ਬਹੁਤ ਗੁੱਸੇ ਹੋਣਾ।
ਗੁੱਸੇ ਨਾਲ਼ ਦੰਦ ਪੀਹਣਾ-ਬੇਵਸੀ ਦੀ ਹਾਲਤ ਵਿੱਚ ਕ੍ਰੋਧ ਨਾਲ਼ ਕਚੀਚੀਆਂ ਵੱਟਣੀਆਂ।
ਗੁੱਸੇ ਵਿੱਚ ਉਬਲਣਾ-ਬਹੁਤ ਗੁੱਸੇ ਵਿੱਚ ਸੜਨਾ, ਖਿਝਣਾ।
ਗੁਗੱਲ ਹੋ ਜਾਣਾ-ਜ਼ਾਇਆ ਹੋ ਜਾਣਾ, ਖ਼ਤਮ ਹੋ ਜਾਣਾ।
ਗੁੱਝੀ ਸੱਟ ਮਾਰਨਾ-ਲੁਕਵਾਂ ਵੈਰ ਕਮਾਉਣਾ।
ਗੁੱਝੀਆਂ ਲਾਉਣਾ-ਗੱਲਾਂ-ਗੱਲਾਂ 'ਚ ਮਿਹਣੇ ਤਾਹਨੇ ਮਾਰਨੇ, ਸੁਣੌਤੀਆਂ ਸੁਣਾਉਣੀਆਂ।
ਗੁੱਟ ਹੋਣਾ-ਨਸ਼ੇ ਵਿੱਚ ਗੜੂੰਦ ਹੋ ਜਾਣਾ, ਨਸ਼ੇ ਦੇ ਅਸਰ ਨਾਲ਼ ਸੁਰਤ ਮਾਰੀ ਜਾਣੀ।
ਗੁੱਡੀ ਚੜ੍ਹਨੀ-ਉੱਚੀਆਂ ਜੋਟਾਂ ਵਿੱਚ ਹੋਣਾ, ਉੱਚੀ ਪਦਵੀ ਤੇ ਵਡਿਆਈ ਹਾਸਲ ਕਰਨੀ।
ਗੁੱਥਮ ਗੁੱਥਾ ਹੋਣਾ-ਆਪਸ ਵਿੱਚ ਲੜਨਾ, ਹੂਰੋ ਹੂਰੀ ਹੋ ਜਾਣਾ।
ਗੁਬਾਰ ਨਿਕਲ਼ਣਾ-ਮਨ ਦਾ ਗੁੱਸਾ ਨਿਕਲ਼ ਜਾਣਾ!
ਗੁੰਮ ਹੋ ਜਾਣਾ-ਹੋਸ਼ ਜਾਂਦੀ ਰਹਿਣੀ।
ਗੁਰੂ ਦਾ ਬਚਨ ਦੇਣਾ-ਗੁਰੂ ਦੀ ਸਹੁੰ ਚੁੱਕ ਕੇ ਇਕਰਾਰ ਕਰਨਾ
ਗਲਛੱਰੇ ਉਡਾਉਣਾ-ਐਸ਼ ਕਰਨੀ, ਮੌਜਾਂ ਮਾਰਨੀਆਂ।
ਗੁੜ ਗੋਹਾ ਹੋ ਜਾਣਾ-ਕੀਤੀ ਮਿਹਨਤ ਅਜਾਈਂ ਚਲੀ ਜਾਣੀ।
ਗੇੜ ਵਿੱਚ ਪਾਉਣਾ-ਲੰਮੀ ਫਾਹੀ ਵਿੱਚ ਫਸਾਉਣਾ।
ਗੋਂਗਲੂ ਤੋਂ ਮਿੱਟੀ ਲਾਹੁਣਾ-ਟਾਲ਼-ਮਟੋਲ਼ ਕਰਨੀ, ਬਹਾਨੇ ਘੜਨੇ।

ਲੋਕ ਸਿਆਣਪਾਂ/206