ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/182

ਇਹ ਸਫ਼ਾ ਪ੍ਰਮਾਣਿਤ ਹੈ

ਸਤ ਘੜੇ ਪਾਣੀ ਪੈਣਾ-ਦੂਜੇ ਦੀ ਖ਼ੁਸ਼ੀ ਦਾ ਚਾਅ ਨਾ ਕਰਨਾ।
ਸਤ ਤੇ ਵੀਹ ਵੀਹ ਖੈਰੀਂ ਹੋਣਾ-ਹਰ ਪਾਸੇ ਸੁਖ ਸਾਂਦ ਹੋਣੀ।
ਸੱਤ ਭੰਗ ਕਰਨਾ-ਕਿਸੇ ਇਸਤਰੀ ਦੀ ਬੇਪਤੀ ਕਰਨੀ, ਬਲਾਤਕਾਰ ਕਰਨਾ।
ਸੱਤਰਿਆ ਬਹੱਤਰਿਆ ਜਾਣਾ-ਬੁਢਾਪੇ ਕਾਰਨ ਮੱਤ ਮਾਰੀ ਜਾਣੀ।
ਸੱਤ ਪੱਤਣਾਂ ਦਾ ਪਾਣੀ ਪੀਤਾ ਹੋਣਾ-ਬਹੁਤ ਚਲਾਕ ਤੇ ਹੁਸ਼ਿਆਰ ਹੋਣਾ।
ਸਤਾਰਾ ਉਘੜਨਾ-ਕਿਸਮਤ ਜਾਗਣੀ, ਚੰਗੇ ਦਿਨ ਆਉਣੇ, ਮੰਦਹਾਲੀ ਤੋਂ ਖ਼ੁਸ਼ਹਾਲੀ ਆ ਜਾਣੀ।
ਸੜਿਆ ਹੋਣਾ-ਬਹੁਤ ਦੁਖੀ ਹੋਣਾ।
ਸਤਿਆਨਾਸ ਹੋਣਾ-ਨੁਕਸਾਨ ਹੋ ਜਾਣਾ, ਤਬਾਹ ਹੋ ਜਾਣਾ।
ਸੱਤੀਂ ਕੱਪੜੀਂ ਅੱਗ ਲੱਗਣਾ-ਬਹੁਤ ਗੁੱਸੇ ਵਿੱਚ ਆਉਣਾ, ਸੜ ਬਲ਼ ਜਾਣਾ।
ਸੱਧਰ ਲਾਹੁਣਾ-ਸਾਰੇ ਚਾਅ ਪੂਰੇ ਕਰਨੇ।
ਸਨਿਛਰ ਆਉਣਾ-ਮਾੜੇ ਦਿਨ ਆਉਣੇ, ਖ਼ੁਸ਼ਹਾਲੀ ਦੀ ਥਾਂ ਮੰਦਹਾਲੀ ਹੋਣੀ।
ਸੱਪ ਸੁੰਘ ਜਾਣਾ-ਦਿਲ ਢਹਿ ਜਾਣਾ।
ਸੱਪ ਦੇ ਸਿਰੋਂ ਕੌਡੀ ਕੱਢਣਾ-ਜਫ਼ਰ ਜਾਲ਼ ਕੇ ਪੈਸੇ ਕਮਾਉਣੇ, ਮਿਹਨਤ ਕਰਨੀ।
ਸੱਪਾਂ ਨੂੰ ਦੁੱਧ ਪਿਆਉਣਾ-ਆਪਣੇ ਵੈਰੀ ਨੂੰ ਪਾਲਣਾ, ਦੁਸ਼ਮਣਾਂ ਨਾਲ਼ ਨੇਕੀਆਂ ਕਰਨੀਆਂ।
ਸਬਕ ਸਿਖਾਉਣਾ-ਦੋਸ਼ੀ ਨੂੰ ਸਖ਼ਤ ਸਜ਼ਾ ਦੇਣੀ।
ਸਬਰ ਦਾ ਘੁੱਟ ਭਰਨਾ-ਹੌਸਲੇ ਨਾਲ਼ ਨੁਕਸਾਨ ਝੱਲ਼ ਲੈਣਾ, ਵਧੀਕੀ ਜਰ ਲੈਣੀ।
ਸਬਰ ਦਾ ਪਿਆਲਾ ਛਲਕਣਾ-ਵਧੀਕੀ ਜਰਨ ਦੀ ਹਿੰਮਤ ਨਾ ਰਹਿਣੀ।
ਸਮਾਂ ਹੱਥੋਂ ਨਾ ਛੱਡਣਾ-ਕੋਈ ਵੀ ਮੌਕਾ ਨਾ ਖੁੰਝਾਉਣਾ।
ਸਮਾਂ ਟਪਾਣਾ-ਔਖ ਸੌਖ ਵਿੱਚ ਗੁਜ਼ਾਰਾ ਕਰਨਾ, ਔਖੇ ਹੋ ਕੇ ਫ਼ਰਜ਼ ਪੂਰਾ ਕਰਨਾ।
ਸਮਾਂ ਬੰਨ੍ਹਣਾ-ਸਰੋਤਿਆਂ ਨੂੰ ਕੀਲ ਲੈਣਾ, ਐਸਾ ਪ੍ਰਭਾਵ ਪੈਦਾ ਕਰਨਾ ਕਿ ਸਾਰੇ ਲੋਕ ਪ੍ਰਭਾਵ ਮਹਿਸੂਸ ਕਰਨ।
ਸਮੇਂ ਦਾ ਇਤਬਾਰ ਨਾ ਹੋਣਾ-ਸਮੇਂ ਦੇ ਹਾਲਾਤ ਮਾੜੇ ਹੋਣੇ, ਚੋਰੀ ਦਾ ਡਰ ਰਹਿਣਾ।
ਸਮੇਂ ਦੀ ਨਬਜ਼ ਪਛਾਨਣਾ-ਮੌਕਾ ਦੇਖ ਕੇ ਮੌਕੇ ਅਨੁਸਾਰ ਕੰਮ ਕਰਨਾ।
ਸਮੇਂ ਨੂੰ ਅੱਗ ਲੱਗਣੀ-ਪੁਰਾਣੀ ਪੀੜ੍ਹੀ ਦਾ ਨਵੀਂ ਪੀੜ੍ਹੀ ਦੇ ਵਤੀਰੇ ਨੂੰ ਦੇਖ ਕੇ ਅਜੀਬ ਲੱਗਣਾ।

ਲੋਕ ਸਿਆਣਪਾਂ/180