ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/161

ਇਹ ਸਫ਼ਾ ਪ੍ਰਮਾਣਿਤ ਹੈ


ਵੱਸੇ ਚੇਤ ਨਾ, ਘਰ ਨਾ ਖੇਤ-ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਚੇਤ ਮਹੀਨੇ ਵੱਸਿਆ ਮੀਂਹ ਨੁਕਸਾਨ ਕਰਦਾ ਹੈ ਕਿਉਂਕਿ ਇਸ ਮਹੀਨੇ ਵਿੱਚ ਘਰਾਂ ਵਿੱਚ ਪਈ ਕਣਕ ਵੀ ਮੁੱਕਣ ਵਾਲੀ ਹੁੰਦੀ ਹੈ, ਮੀਂਹ ਕਾਰਨ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ।
ਵੱਸੇ ਦੀਵਾਲੀ ਜਿਹਾ ਫ਼ੌਜੀ ਤਿਹਾ ਹਾਲੀ-ਇਸ ਅਖਾਣ ਦਾ ਭਾਵ ਇਹ ਹੈ ਕਿ ਜੇਕਰ ਦੀਵਾਲੀ ਨੂੰ ਮੀਂਹ ਪੈ ਜਾਵੇ ਤਾਂ ਥੋੜ੍ਹੀ ਮਿਹਨਤ ਕਰਨ ਵਾਲੇ ਕਿਸਾਨ ਲਈ ਵੀ ਇਹ ਵਰਖਾ ਚੰਗੀ ਹੁੰਦੀ ਹੈ।
ਵੱਸੇ ਪੋਹ ਜਿਹਾ ਇਹ, ਕਿਹਾ ਉਹ-ਭਾਵ ਇਹ ਹੈ ਕਿ ਪੋਹ ਮਹੀਨੇ ਵਿੱਚ ਪਈ ਵਰਖਾ ਅਗੇਤੀਆਂ ਅਤੇ ਪਛੇਤੀਆਂ ਬਿਆਈਆਂ ਲਈ ਇਕੋ ਜਿਹੀ ਲਾਭਦਾਇਕ ਹੁੰਦੀ ਹੈ।
ਵੱਗ ਢੋਈ ਮਿਲੇ ਨਾ ਤੇ ਬੜ੍ਹਕਦਾ ਮੇਰਾ-ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਜਦੋਂ ਕੋਈ ਕਮਜ਼ੋਰ ਬੰਦਾ ਅਜਾਈਂ ਆਪਣੇ ਆਪ ਨੂੰ ਵੱਡਾ ਬੰਦਾ ਬਣ ਦਿਖਾਵੇ, ਉਦੋਂ ਆਖਦੇ ਹਨ।
ਵਗਦਾ ਪਾਣੀ ਪਾਕ ਹੁੰਦਾ ਏ-ਇਹ ਅਖਾਣ ਆਮ ਤੌਰ 'ਤੇ ਵਿਉਪਾਰ ਕਰਨ ਵਾਲੇ ਲੋਕ ਵਰਤਦੇ ਹਨ। ਭਾਵ ਇਹ ਹੈ ਕਿ ਜੇਕਰ ਉਧਾਰ ਸਮੇਂ ਸਿਰ ਮੁੜਦਾ ਰਹੇ ਤਾਂ ਚੰਗਾ ਹੁੰਦਾ ਹੈ।
ਵੰਝਲੀ ਦਾ ਕੀ ਬਜਾਉਣਾ, ਮੂੰਹ ਹੀ ਵਿੰਗਾ ਕਰਨਾ ਏ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਵੱਲੋਂ ਕੀਤੀ ਮਿਹਨਤ ਨੂੰ ਛੁਟਿਆਇਆ ਜਾਵੇ।
ਵੰਡ ਖਾਏ ਖੰਡ ਖਾਏ, ਕੱਲਾ ਖਾਏ ਗੰਦ ਖਾਏ-ਇਸ ਅਖਾਣ ਵਿੱਚ ਵੰਡ ਕੇ ਖਾਣ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ।
ਵੱਡਾ ਢੇਰ ਗਾਹਕ ਨੂੰ ਢਾਏ, ਛੋਟਾ ਢੇਰ ਮਾਲਕ ਨੂੰ ਢਾਏ-ਭਾਵ ਇਹ ਹੈ ਕਿ ਥੋੜੀ ਪੂੰਜੀ ਨਾਲ ਵਪਾਰ ਚੰਗਾ ਨਹੀਂ ਚਲ ਸਕਦਾ। ਵੱਧ ਪੂੰਜੀ ਖਰਚਣ ਨਾਲ ਵਪਾਰੀ ਵੱਧ ਸੌਦਾ ਖ਼ਰੀਦਦਾ ਹੈ। ਜਿਸ ਦੁਕਾਨ ਤੇ ਵੱਧ ਮਾਲ ਹੋਵੇ, ਉਥੇ ਵਧੇਰੇ ਗਾਹਕ ਆਉਂਦੇ ਹਨ ਤੇ ਉਸ ਦਾ ਸੌਦਾ ਵਿਕਦਾ ਰਹਿੰਦਾ ਹੈ।
ਵੱਡਿਆਂ ਸਿਰਾਂ ਦੀਆਂ ਵੱਡੀਆਂ ਸਿਰ ਪੀੜਾਂ-ਇਸ ਅਖਾਣ ਦਾ ਭਾਵ ਇਹ ਹੈ ਕਿ ਜਿੰਨੇ ਕਿਸੇ ਦੇ ਕੰਮ ਵੱਧ ਪਸਾਰੇ ਵਾਲੇ ਹੋਣਗੇ ਓਨੀ ਹੀ ਉਸ ਨੂੰ ਵੱਧ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਤੇ ਭੱਜ-ਨੱਠ ਕਰਨੀ ਪਏਗੀ, ਜਿਸ ਕਾਰਨ ਸਿਰਦਰਦੀ ਵਧੇਗੀ।
ਵੱਡਿਆਂ ਘਰਾਂ ਦੇ ਵੱਡੇ ਦਰ-ਜਦੋਂ ਇਹ ਦੱਸਣਾ ਹੋਵੇ ਕਿ ਵੱਡੇ ਅਮੀਰ ਤੇ ਧੰਨਵਾਨ ਲੋਕਾਂ ਦੇ ਖ਼ਰਚ ਵੀ ਉਹਨਾਂ ਦੀ ਸ਼ਾਨੋ-ਸ਼ੌਕਤ ਅਨੁਸਾਰ ਵੱਡੇ ਹੀ ਹੁੰਦੇ ਹਨ, ਉਦੋਂ ਇਹ ਅਖਾਣ ਬੋਲਦੇ ਹਨ।

ਲੋਕ ਸਿਆਣਪਾਂ/159