ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/160

ਇਹ ਸਫ਼ਾ ਪ੍ਰਮਾਣਿਤ ਹੈ


ਲੈਣਾ ਨਾ ਦੇਣਾ, ਦੇਹ ਮੇਰੀ ਧੇਲੀ-ਜਦੋਂ ਕੋਈ ਬੰਦਾ ਕਿਸੇ ਦੇ ਮਾਮਲੇ ਵਿੱਚ ਖਾਹ-ਮਖਾਹ ਦਖ਼ਲ ਦੇਵੇ, ਉਦੋਂ ਕਹਿੰਦੇ ਹਨ।
ਲੈਣਾ ਨਾ ਦੇਣਾ, ਵਜਾ ਦਾਦਾ ਵਾਜਾ-ਜਦੋਂ ਕੋਈ ਬੰਦਾ ਕਿਸੇ ਪਾਸੋਂ ਕੰਮ ਤਾਂ ਕਰਵਾਈ ਜਾਵੇ ਪ੍ਰੰਤੂ ਮਜ਼ਦੂਰੀ ਨਾ ਦੇਵੇ, ਉਦੋਂ ਇੰਜ ਆਖੀਦਾ ਹੈ।
ਲੈਣਾ ਇਕ ਨਾ ਦੇਣੇ ਦੋ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਮਾਮਲੇ ਦਾ ਪੂਰਨ ਤੌਰ 'ਤੇ ਫ਼ੈਸਲਾ ਹੋ ਗਿਆ ਹੋਵੇ।
ਲੋਹੇ ਨੂੰ ਲੋਹਾ ਕੱਟਦਾ ਏ-ਭਾਵ ਇਹ ਹੈ ਕਿ ਕਿਸੇ ਤਕੜੇ ਬੰਦੇ ਦਾ ਟਾਕਰਾ ਕੋਈ ਤਕੜਾ ਬੰਦਾ ਹੀ ਕਰ ਸਕਦਾ ਹੈ-ਮਾੜੇ ਧੀੜੇ ਦੇ ਵਸ ਦਾ ਰੋਗ ਨਹੀਂ।
ਲੋਕ ਚੱਲੇ ਵਿਸਾਖੀ ਨੰਦਾ ਰਹੇ ਘਰ ਦੀ ਰਾਖੀ-ਜਦੋਂ ਕਈ ਬੰਦਿਆਂ ਦੇ ਕੰਮ ਤਾਂ ਹੋ ਜਾਣ ਪ੍ਰੰਤੂ ਉਹਨਾਂ ਵਿੱਚੋਂ ਇਕ ਦਾ ਨਾ ਹੋਵੇ ਤਾਂ ਇੰਜ ਆਖਦੇ ਹਨ।
ਲੋਕਾਂ ਦੇ ਵੱਛੇ ਮੈਂ ਚਾਰਾਂ, ਮੇਰੇ ਕੌਣ ਚਾਰੇ-ਜਦੋਂ ਕੋਈ ਘੱਟ ਹੁਸ਼ਿਆਰ ਬੰਦਾ ਆਪਣੇ ਤੋਂ ਵੱਧ ਸਿਆਣੇ ਤੇ ਹੁਸ਼ਿਆਰ ਬੰਦੇ ਨੂੰ ਬੁੱਧੂ ਬਣਾਉਣ ਦਾ ਯਤਨ ਕਰੇ, ਉਦੋਂ ਆਖਦੇ ਹਨ।
ਲੋਕਾਂ ਨੂੰ ਦੇਣਾ ਬ੍ਰਹਮ ਗਿਆਨ, ਆਪ ਰਹਿਣਾ ਪੱਥਰ ਪ੍ਰਾਣ-ਜਦੋਂ ਕੋਈ ਭੈੜਾ ਬੰਦਾ ਦੂਜੇ ਬੰਦਿਆਂ ਨੂੰ ਚੰਗਾ ਬਣਨ ਦੀ ਨਸੀਹਤ ਦੇਵੇ, ਉਦੋਂ ਆਖਦੇ ਹਨ।
ਲੋਕੋ ਅੱਗੇ ਮੁੰਡਿਓਂ ਪਿੱਛੇ-ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਚਲਾਕ ਬੰਦਾ ਹੋਰਨਾਂ ਨੂੰ ਕੁਰਬਾਨੀ ਦੇਣ ਲਈ ਉਕਸਾਵੇ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਅਜਿਹਾ ਕਰਨ ਤੋਂ ਰੋਕੇ।
ਲੋੜੇ ਦਾਖ਼ ਬਿਜੌਰੀਆਂ ਕਿੱਕਰ ਬੀਜੇ ਜੱਟ-ਜਦੋਂ ਇਹ ਦੱਸਣਾ ਹੋਵੇ ਕਿ ਮਾੜੇ ਕੰਮਾਂ ਦਾ ਨਤੀਜਾ ਮਾੜਾ ਨਿਕਲਦਾ ਹੈ, ਉਦੋਂ ਇਹ ਅਖਾਣ ਵਰਤਦੇ ਹਨ।
ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾ ਲਈਦਾ ਹੈ-ਭਾਵ ਇਹ ਹੈ ਕਿ ਆਪਣਾ ਮਤਲਬ ਸਿੱਧਾ ਕਰਨ ਲਈ ਕਈ ਵਾਰ ਕਿਸੇ ਦੂਜੇ ਬੰਦੇ ਦੀ ਚਾਪਲੂਸੀ ਕਰਨੀ ਪੈ ਜਾਂਦੀ ਹੈ।
ਲੋੜੀਦਾ ਗੁੜ ਢਿੱਲਾ-ਜਦੋਂ ਕਿਸੇ ਦਾ ਇਕੋ-ਇਕ ਬੱਚਾ ਹੋਵੇ ਤੇ ਉਹ ਵੀ ਢਿੱਲਾ-ਮੱਠਾ ਰਹੇ, ਉਦੋਂ ਇਹ ਅਖਾਣ ਵਰਤਦੇ ਹਨ।


ਵੱਸੀਏ ਸ਼ਹਿਰ ਭਾਵੇਂ ਹੋਵੇ ਕਹਿਰ-ਇਸ ਅਖਾਣ ਵਿੱਚ ਸ਼ਹਿਰ ਦੀਆਂ ਸੁੱਖ ਸੁਵਿਧਾਵਾਂ ਕਾਰਨ ਪਿੰਡਾਂ ਨਾਲੋਂ ਸ਼ਹਿਰ ਵਿੱਚ ਵਸਣ ਨੂੰ ਤਰਜੀਹ ਦਿੱਤੀ ਗਈ ਹੈ।

ਲੋਕ ਸਿਆਣਪਾਂ/158