ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/148

ਇਹ ਸਫ਼ਾ ਪ੍ਰਮਾਣਿਤ ਹੈ

ਮੂੰਹ ਜੱਟੇ, ਕੂੜ ਨਖੁੱਟੇ———ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਮੂੰਹੋਂ ਮੂੰਹੀਂ ਗੱਲਬਾਤ ਕਰਨ ਨਾਲ ਸਾਰੀਆਂ ਗ਼ਲਤ-ਫ਼ਹਿਮੀਆਂ ਦੂਰ ਹੋ ਜਾਂਦੀਆਂ ਹਨ।

ਮੁੰਹ ਤੋਂ ਲਾਹੀ ਲੋਈ, ਕੀ ਕਰੇਗਾ ਕੋਈ———ਇਹ ਅਖਾਣ ਆਮ ਤੌਰ 'ਤੇ ਬੇਸ਼ਰਮ ਤੇ ਢੀਠ ਬੰਦੇ ਪ੍ਰਤੀ ਬੋਲਿਆ ਜਾਂਦਾ ਹੈ।

ਮੂੰਹ ਦੀ ਲਹਿਰ ਬਹਿਰ, ਹੱਥਾਂ ਦੀ ਹੜਤਾਲ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਗੱਲੀਂ-ਬਾਤੀਂ ਹੀ ਦੂਜੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇ ਪ੍ਰੰਤੂ ਆਪਣੇ ਪੱਲਿਓਂ ਕੁਝ ਵੀ ਨਾ ਦੇਵੇ।

ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ———ਇਹ ਅਖਾਣ ਮਜ਼ਾਕ ਵਿੱਚ ਕਿਸੇ ਕਰੂਪ ਬੰਦੇ ਨੂੰ ਵੇਖ ਕੇ ਬੋਲਿਆ ਜਾਂਦਾ ਹੈ।

ਮੂੰਹ ਮੰਗੀ ਤਾਂ ਮੌਤ ਵੀ ਨਹੀਂ ਮਿਲਦੀ———ਇਸ ਅਖਾਣ ਦਾ ਭਾਵ ਇਹ ਹੈ ਕਿ ਇਨਸਾਨ ਦੇ ਮਨ ਦੀ ਚਾਹਨਾ ਪੂਰਨ ਤੌਰ `ਤੇ ਕਦੀ ਵੀ ਪੂਰੀ ਨਹੀਂ ਹੁੰਦੀ।

ਮੂੰਹ ਵਿੱਚ ਸ਼ੇਖ਼ ਫ਼ਰੀਦ, ਬਗਲ ਵਿੱਚ ਇੱਟਾਂ———ਜਦੋਂ ਉੱਤੋਂ-ਉੱਤੋਂ ਸਾਊ ਦਿਸਦੇ ਕਿਸੇ ਬੰਦੇ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ-ਫਾਸ਼ ਹੋ ਜਾਵੇ, ਉਦੋਂ ਕਹਿੰਦੇ ਹਨ।

ਮੂੰਹਾਂ ਦੇ ਮੁਲਾਜ਼ੇ, ਸਿਰਾਂ ਨੂੰ ਸਲਾਮਾਂ———ਜਦੋਂ ਇਹ ਦੱਸਣਾ ਹੋਵੇ ਕਿ ਸਾਹਮਣੇ ਬੈਠੇ ਬੰਦੇ ਦਾ ਜਿਹੜਾ ਲਿਹਾਜ਼ ਹੁੰਦਾ ਹੈ ਉਹ ਅੱਖੋਂ ਓਹਲੇ ਬੈਠੇ ਬੰਦੇ ਦਾ ਨਹੀਂ ਹੁੰਦਾ, ਉਦੋਂ ਇਹ ਅਖਾਣ ਵਰਤਦੇ ਹਨ।

ਮੂੰਹੋਂ ਨਿਕਲੀ, ਤੁਰਤ ਪਰਾਈ———ਭਾਵ ਇਹ ਹੈ ਕਿ ਮੂੰਹੋਂ ਨਿਕਲੀ ਗੱਲ ਮੁੜਕੇ ਵਾਪਸ ਨਹੀਂ ਪਰਤਦੀ।

ਮੂਰਖ ਦਾ ਹਾਸਾ, ਭੰਨ ਸੁੱਟੇ ਪਾਸਾ———ਕਈ ਵਾਰ ਹਾਸਾ ਮਖੌਲ ਕਰਦਿਆਂ ਮਖੌਲ-ਮਖੌਲ ਵਿੱਚ ਕਿਸੇ ਦੇ ਸੱਟ-ਫੇਟ ਲੱਗ ਜਾਂਦੀ ਹੈ, ਉਦੋਂ ਇੰਜ ਆਖਦੇ ਹਨ।

ਮੂਰਖ਼ਾਂ ਦੇ ਕਿਹੜਾ ਸਿੰਗ ਹੁੰਦੇ ਹਨ———ਜਦੋਂ ਕੋਈ ਬੰਦਾ ਜੁੜੀ ਮਹਿਫ਼ਲ ਵਿੱਚ ਮੂਰਖਾਂ ਵਾਲੀ ਗੱਲ ਕਰ ਬੈਠੇ, ਉਸ ਨੂੰ ਠਿਠ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਮੂਰਖਾਂ ਦੇ ਪਿੰਡ ਵੱਖਰੇ ਨਹੀਂ ਹੁੰਦੇ———ਭਾਵ ਇਹ ਹੈ ਕਿ ਮੂਰਖਾਂ ਵਾਸਤੇ ਵੱਖਰੇ ਟਿਕਾਣੇ ਨਹੀਂ ਹੁੰਦੇ, ਉਹ ਕਿਸੇ ਥਾਂ ਵੀ ਹੋ ਸਕਦੇ ਹਨ। ਇਹ ਅਖਾਣ ਵੀ ਉੱਪਰ ਦਿੱਤੇ ਅਖਾਣਾਂ ਵਾਂਗ ਉਦੋਂ ਬੋਲਦੇ ਹਨ, ਜਦੋਂ ਕੋਈ ਇਕੱਠ ਵਿੱਚ ਮੂਰਖਾਂ ਵਾਲੀ ਹਰਕਤ ਕਰ ਬੈਠੇ, ਉਸ ਨੂੰ ਸ਼ਰਮਿੰਦਾ ਕਰਨ ਲਈ ਇੰਜ ਆਖਦੇ ਹਨ।

ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਧੀਆਂ-ਪੁੱਤਾਂ ਨਾਲੋਂ ਉਹਨਾਂ ਦੀ ਔਲਾਦ ਵਧੇਰੇ ਪਿਆਰੀ ਲੱਗਦੀ ਹੈ।

ਲੋਕ ਸਿਆਣਪਾਂ/146