ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/144

ਇਹ ਸਫ਼ਾ ਪ੍ਰਮਾਣਿਤ ਹੈ

ਜਾਂਦਾ ਹੈ ਜਿਹੜਾ ਆਮ ਲੋਕਾਂ ਨਾਲੋਂ ਵੱਖਰਾ-ਵੱਖਰਾ ਰਹਿੰਦਾ ਹੋਵੇ ਤੇ ਉਸ ਦੀ ਸੋਚ ਵੀ ਉਹਨਾਂ ਨਾਲ਼ ਨਾ ਮਿਲਦੀ ਹੋਵੇ।

ਮੰਦੇ ਕੰਮੀਂ ਨਾਨਕਾ, ਜਦ ਕਦ ਮੰਦਾ ਹੋਏ———ਇਸ ਮਹਾਂ ਵਾਕ ਵਿੱਚ ਇਹ ਦੱਸਿਆ ਗਿਆ ਹੈ ਕਿ ਮੰਦੇ ਕੰਮਾਂ ਦਾ ਨਤੀਜਾ ਮਾੜਾ ਹੀ ਨਿਕਲਦਾ ਹੈ।

ਮਨ ਹਰਾਮੀ ਹੁਜਤਾਂ ਢੇਰ———ਜਦੋਂ ਕੋਈ ਬੰਦਾ ਕਿਸੇ ਕੰਮ ਨੂੰ ਕਰਨ ਲਈ ਟਾਲ-ਮਟੋਲ ਕਰਕੇ ਬਹਾਨੇ ਲਾਈ ਜਾਵੇ, ਉਦੋਂ ਇੰਜ ਆਖਦੇ ਹਨ।

ਮੰਨ ਮੰਨੇ ਦਾ ਮੇਲਾ, ਕੌਣ ਗੁਰੂ ਕੌਣ ਚੇਲਾ———ਇਸ ਅਖਾਣ ਵਿੱਚ ਮਨ ਦੀ ਮਰਜ਼ੀ ਦੀ ਉੱਚਤਾ ਦਰਸਾਈ ਗਈ ਹੈ ਕਿ ਜੇਕਰ ਮੰਨ ਨਾ ਮੰਨੇ ਤਾਂ ਮੇਲਾ ਵੀ ਫਿੱਕਾ ਲੱਗਦਾ ਹੈ।

ਮਨੁੱਖ ਪਰਖ਼ੀਏ ਵਸ ਪਿਆ, ਸੋਨਾ ਪਰਖੀਏ ਕਸ ਪਿਆ———ਭਾਵ ਸਪੱਸ਼ਟ ਹੈ, ਵਾਹ ਪਏ ਤੋਂ ਹੀ ਕਿਸੇ ਬੰਦੇ ਦਾ ਪਤਾ ਲੱਗਦਾ ਹੈ ਤੇ ਸੋਨਾ ਕਸਵੱਟੀ 'ਤੇ ਹੀ ਪਰਖ਼ਿਆ ਜਾਂਦਾ ਹੈ।

ਮਰਦ ਦੀ ਮਾਇਆ ਤੇ ਬ੍ਰਿਛ ਦੀ ਛਾਇਆ ਉਹਦੇ ਨਾਲ ਹੀ ਜਾਂਦੀ ਹੈ———ਜਦੋਂ ਕਿਸੇ ਧਨਵਾਨ ਮਨੁੱਖ ਦੇ ਮਰ ਜਾਣ ਮਗਰੋਂ ਉਹਦੇ ਘਰ ਦਾ ਬੁਰਾ ਹਾਲ ਹੋ ਜਾਵੇ ਤਾਂ ਸੋਗ ਕਰਨ ਆਏ ਬੰਦੇ ਅਕਸਰ ਇਹ ਅਖਾਣ ਬੋਲਦੇ ਹਨ।

ਮਰਦਾਂ ਅਤੇ ਘੋੜਿਆਂ ਕੰਮ ਪੈਣ ਅਵੱਲੇ———ਭਾਵ ਇਹ ਹੈ ਕਿ ਮਰਦਾਂ ਅਤੇ ਘੋੜਿਆਂ ਨੂੰ ਔਖ ਝੱਲਣੀ ਹੀ ਪੈਂਦੀ ਹੈ।

ਮਰਦਾ ਕੀ ਨਾ ਕਰਦਾ———ਭਾਵ ਇਹ ਹੈ ਕਿ ਕਈ ਵਾਰ ਮਜ਼ਬੂਰੀ ਵਿੱਚ ਮਨੁੱਖ ਨੂੰ ਅਜਿਹਾ ਕੰਮ ਕਰਨਾ ਪੈ ਜਾਂਦਾ ਹੈ ਜਿਹੜਾ ਕੰਮ ਉਹ ਆਮ ਹਾਲਤਾਂ ਵਿੱਚ ਕਰਨ ਲਈ ਕਦੀ ਵੀ ਰਾਜ਼ੀ ਨਾ ਹੋਵੇ।

ਮਰਦਾਂ ਭੱਜਣਾ ਮਹਿਣਾ, ਮਹੀਆਂ ਡੁੱਬਣ ਲਾਜ———ਇਹ ਅਖਾਣ ਮੈਦਾਨ ਵਿੱਚ ਟਾਕਰਾ ਅਥਵਾ ਮੁਕਾਬਲਾ ਕਰ ਰਹੇ ਕਿਸੇ ਬੰਦੇ ਨੂੰ ਹੌਸਲਾ ਦੇਣ ਲਈ ਵਰਤਿਆ ਜਾਂਦਾ ਹੈ। ਮਰਦ ਮੈਦਾਨੋਂ ਨਹੀਂ ਭੇਜਦੇ ਤੇ ਮੱਝਾਂ ਤੈਰ ਕੇ ਦਰਿਆ ਪਾਰ ਕਰ ਜਾਂਦੀਆਂ ਹਨ।

ਮਰਦੀ ਮਰ ਗਈ ਨਖ਼ਰਾ ਨਾ ਗਿਆ———ਜਦੋਂ ਕੋਈ ਬੰਦਾ ਆਰਥਿਕਤਾ ਪੱਖੋਂ ਬਹੁਤ ਕਮਜ਼ੋਰ ਹੋ ਜਾਵੇ ਪ੍ਰੰਤੂ ਆਪਣੀ ਬਾਹਰੀ ਸ਼ਾਨੋ-ਸ਼ੌਕਤ ਕਾਇਮ ਰੱਖੇ, ਉਦੋਂ ਆਖਦੇ ਹਨ।

ਮਲਾਹ ਦਾ ਹੁੱਕਾ ਸੁੱਕੇ ਦਾ ਸੁੱਕਾ———ਭਾਵ ਇਹ ਹੈ ਕਿ ਆਲਸ ਕਾਰਨ ਕਾਰੀਗਰ ਅਤੇ ਹੁਨਰਮੰਦ ਬੰਦੇ ਆਪਣੇ ਘਰ ਵੱਲ ਘੱਟ ਹੀ ਧਿਆਨ ਦਿੰਦੇ ਹਨ। ਆਮ ਤੌਰ 'ਤੇ ਰਾਜ ਮਿਸਤਰੀਆਂ ਦੇ ਕੌਲੇ ਢਹੇ ਹੋਏ ਹੁੰਦੇ ਹਨ ਤੇ ਦਰਜੀਆਂ ਦੇ ਪਜਾਮੇਂ ਫਟੇ ਹੋਏ।

ਮਾਂ ਜਹੀ ਮਾਸੀ, ਕੰਧ ਐਰੇ ਤੇ ਜਾਸੀ———ਜਦੋਂ ਦੋ ਭੈਣਾਂ ਜਾਂ ਭਰਾਵਾਂ ਦੇ ਸੁਭਾਵਾਂ ਦੀ ਸਮਾਨਤਾ ਦਰਸਾਉਣੀ ਹੋਵੇ, ਉਦੋਂ ਆਖਦੇ ਹਨ।

ਲੋਕ ਸਿਆਣਪਾਂ/142