ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/133

ਇਹ ਸਫ਼ਾ ਪ੍ਰਮਾਣਿਤ ਹੈ

ਚਾਲਾਕ ਬੰਦਾ ਜਦੋਂ ਕੋਈ ਖ਼ਤਰਨਾਕ ਕਿਸਮ ਦਾ ਕੰਮ ਕਰਦਾ ਹੈ ਤਾਂ ਉਹ ਬੜੀ ਸਾਵਧਾਨੀ ਵਰਤਦਾ ਹੈ।

ਬਿੱਲੀ ਦੁੱਧ ਪੀ ਜਾਊ ਤਾਂ ਜਿੰਦਰੇ ਬਜਣਗੇ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਜਿਹੜਾ ਬੰਦਾ ਖ਼ਤਰੇ ਨੂੰ ਭਾਂਪ ਕੇ ਅਗਾਊਂ ਪ੍ਰਬੰਧ ਨਹੀਂ ਕਰਦਾ, ਖ਼ਤਰਾ ਆਉਣ ’ਤੇ ਪ੍ਰਬੰਧ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ।

ਬਿੱਲੀ ਦੇ ਨਹੁੰ ਲੁਕੇ ਹੁੰਦੇ ਨੇ———ਇਹ ਅਖਾਣ ਆਮ ਕਰਕੇ ਭੋਲ਼ੇ ਭਾਲ਼ੇ ਬੰਦਿਆਂ ਨੂੰ ਚਲਾਕ ਬੰਦਿਆਂ ਪਾਸੋਂ ਚੁਕੰਨਾ ਤੇ ਸੁਚੇਤ ਕਰਨ ਲਈ ਬੋਲਦੇ ਹਨ।

ਬਿੱਲੀ ਨੂੰ ਚੂਹਿਆਂ ਦੇ ਸੁਪਨੇ———ਜਦੋਂ ਕੋਈ ਬੰਦਾ ਆਪਣੇ ਹੀ ਮਤਲਬ ਦੀ ਗੱਲ ਨੂੰ ਚੇਤੇ ਰੱਖੇ, ਉਦੋਂ ਆਖਦੇ ਹਨ!

ਬਿੱਲੀ ਦੇ ਭਾਗੀਂ ਛੱਕਾ ਟੁੱਟਾ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਨੁਕਸਾਨ ਹੋਣ ਮਗਰੋਂ ਥੋੜ੍ਹਾ ਬਹੁਤ ਸੁੱਖ ਦਾ ਸਾਹ ਮਹਿਸੂਸ ਕਰੇ।

ਬਿੱਲੀ ਨੇ ਮੀਂਹ ਪੜਾਇਆ ਉਸ ਨੂੰ ਖਾਣ ਆਇਆ———ਜਦੋਂ ਕੋਈ ਚਲਾਕ ਬੰਦਾ ਆਪਣੇ ਉਸਤਾਦ ਪਾਸੋਂ ਉਸਤਾਦੀ ਸਿਖ ਕੇ ਉਸ ਨਾਲ ਉਸਦੀ ਵਰਤੇ, ਉਦੋਂ ਇੰਜ ਆਖਦੇ ਹਨ।

ਬਿੱਲੇ ਦਾ ਵਿਸਾਹ ਨਾ ਕਰੀਏ ਭਾਵੇਂ ਸਕਾ ਭਾਈ———ਇਹ ਗੱਲ ਆਮ ਪ੍ਰਚੱਲਿਤ ਹੈ। ਕਿ ਬਿੱਲੀਆਂ ਅੱਖੀਆਂ ਵਾਲੇ ਬੰਦੇ ਚੁਸਤ ਅਤੇ ਚਲਾਕ ਹੁੰਦੇ ਹਨ, ਉਹਨਾਂ ਪਾਸੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ।

ਬੀਜਿਆ ਨਾ ਬਾਹਿਆ ਘੜੱਪ ਪੱਲਾ ਡਾਹਿਆ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕੰਮ ਅਤੇ ਮਿਹਨਤ ਵਿੱਚ ਤਾਂ ਆਪਣਾ ਯੋਗਦਾਨ ਨਾ ਪਾਵੇ ਪ੍ਰੰਤੂ ਹਿੱਸਾ ਪੱਤੀ ਲੈਣ ਲਈ ਤੱਤਪਰ ਰਹੇ।

ਬੀਜੇ ਅੰਬ ਤੇ ਲੱਗੇ ਅੱਕ———ਜਦੋਂ ਕਿਸੇ ਦੀ ਮਿਹਨਤ ਅਤੇ ਕੋਸ਼ਿਸ਼ ਦਾ ਸਿੱਟਾ ਆਸ ਤੋਂ ਉਲਟ ਨਿਕਲੇ, ਉਦੋਂ ਇੰਜ ਆਖਦੇ ਹਨ।

ਬੀਤ ਗਈ ਬਾਤ ਦੀ ਘਸੀਟ ਕਾਹਦੀ———ਜਦੋਂ ਕੋਈ ਬੰਦਾ ਸਮਾਂ ਵਿਹਾ ਚੁੱਕੀ ਗੱਲ ਨੂੰ ਵਾਰ-ਵਾਰ ਦੁਹਰਾਏ, ਉਦੋਂ ਇੰਜ ਆਖਦੇ ਹਨ।

ਬੀਬੀ ਹੋਰੀਂ ਹੱਲੇ ਤਾਂ ਸਾਰਾ ਜੱਗ ਹੱਲੇ———ਜਦੋਂ ਕਿਸੇ ਬੰਦੇ ਦੇ ਮਾੜੀ ਮੋਟੀ ਹਿਲਜੁਲ ਕਰਨ ਨਾਲ ਕੋਈ ਚੀਜ਼ ਡਿੱਗ ਕੇ ਟੁੱਟ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਬੀਬੀ ਦੇ ਤ੍ਰੈ ਕਪੜੇ, ਸੁੱਥਣ, ਨਾਲਾ ਹੱਥ———ਜਦੋਂ ਕਿਸੇ ਨੂੰ ਕਮਜ਼ੋਰ ਤੇ ਹੀਣਾ ਦਰਸਾਉਣਾ ਹੋਵੇ, ਉਦੋਂ ਆਖਦੇ ਹਨ।

ਬੀਬੋ ਦੇ ਸਿਰ ਮੱਕੀਆਂ, ਬੰਦੀ ਦਿਲ ਦਰਿਆ———ਜਦੋਂ ਕਿਸੇ ਘਰਦੇ ਗੈਰ ਜ਼ਿੰਮੇਵਾਰ

ਲੋਕ ਸਿਆਣਪਾਂ/131