ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/131

ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਬੇਕਦਰੇ ਪੁਰਸ਼ ਨੂੰ ਕੋਈ ਕੀਮਤੀ ਤੇ ਚੰਗੀ ਚੀਜ਼ ਮਿਲ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।

ਬਾਂਦਰੀ ਦੇ ਪੈਰ ਸੜੇ, ਉਸ ਨੇ ਬੱਚੇ ਪੈਰਾਂ ਹੇਠ ਲੈ ਲਏ———ਜਦੋਂ ਕੋਈ ਖੁਦਗਰਜ਼ ਬੰਦਾ ਆਪਣੇ ਲਾਭ ਲਈ ਜਾਂ ਆਪਣੇ ਵਿੱਤ ਲਈ ਆਪਣੇ ਹੀ ਸਕੇ ਸਬੰਧੀਆਂ ਦਾ ਬਲੀਦਾਨ ਦੇ ਦੇਵੇ, ਉਦੋਂ ਕਹਿੰਦੇ ਹਨ।

ਬਾਂਦੀ ਦੇ ਹੱਥ ਕਾਮੇ, ਬੀਬੀ ਦਾ ਮੂੰਹ ਕਾਮਾ———ਭਾਵ ਇਹ ਹੈ ਕਿ ਮਾਲਕਣ ਆਪਣੇ ਮੂੰਹ ਨਾਲ ਨੌਕਰਾਣੀ ਨੂੰ ਹੁਕਮ ਦੇ ਕੇ ਕੰਮ ਕਰਵਾਉਂਦੀ ਹੈ ਤੇ ਅੱਗੋਂ ਨੌਕਰਾਣੀ ਆਪਣੇ ਹੱਥਾਂ ਨਾਲ ਕੰਮ ਕਰਦੀ ਹੈ।

ਬਾਪ ਜਿਨ੍ਹਾਂ ਦੇ ਸੂਰਮੇਂ ਪੁੱਤਰਾਂ ਦੀ ਉਹ ਖੋ———ਭਾਵ ਇਹ ਹੈ ਕਿ ਜਿਹੋ ਜਿਹਾ ਬਾਪ ਹੋਵੇਗਾ ਉਹੋ ਜਿਹਾ ਪੁੱਤਰ ਹੋਵੇਗਾ। ਬਹਾਦਰਾਂ ਦੇ ਪੁੱਤ ਬਹਾਦਰ ਹੁੰਦੇ ਹਨ।

ਬਾਪੂ ਬਾਪੂ ਕਹਿੰਦੇ ਸਾਂ, ਸਦਾ ਸੁਖੀ ਰਹਿੰਦੇ ਸਾਂ, ਬਾਪੂ ਬਾਪੂ ਕਹਾਇਆ ਡਾਢਾ ਦੁੱਖ ਪਾਇਆ———ਜਦੋਂ ਕੋਈ ਬੰਦਾ ਆਪਣੇ ਗ੍ਰਹਿਸਤੀ ਜੀਵਨ ਦੇ ਦੁੱਖਾਂ ਤੋਂ ਤੰਗ ਆ ਕੇ ਆਪਣੇ ਬਾਲਪਣ ਦੇ ਦਿਨਾਂ ਨੂੰ ਯਾਦ ਕਰਦਾ ਹੈ ਤਾਂ ਇਹ ਅਖਾਣ ਅਕਸਰ ਬੋਲਿਆ ਜਾਂਦਾ ਹੈ।

ਬਾਬਲ ਦਿੱਤੀ ਢੀਂਗਰੀ ਉਹ ਵੀ ਪ੍ਰਵਾਨ———ਇਸ ਅਖਾਣ ਵਿੱਚ ਇਕ ਸਾਉ ਧੀ ਦੇ ਸਬਰ ਸੰਤੋਖ ਦੀ ਭਾਵਨਾ ਦਰਸਾਈ ਗਈ ਹੈ, ਜਿਸ ਨੂੰ ਆਪਣੇ ਬਾਪ ਵੱਲੋਂ ਚੰਗਾ ਜਾਂ ਮਾੜਾ ਸਹੇੜਿਆ ਵਰ ਪ੍ਰਵਾਨ ਹੈ।

ਬਾਬਲ ਨੂੰਹਾਂ ਸਹੇੜੀਆਂ, ਕੁਝ ਟਿੰਡਾਂ ਤੇ ਕੁਝ ਰੇੜ੍ਹੀਆਂ———ਜਦੋਂ ਨਨਾਣਾਂ ਨੂੰ ਆਪਣੀਆਂ ਭਰਜਾਈਆਂ ਪਸੰਦ ਨਾ ਆਉਣ, ਉਦੋਂ ਆਖਦੇ ਹਨ।

ਬਾਬਲ ਮੇਰੇ ਚੀਰਾ ਦਿੱਤਾ, ਸਾਹ ਲਵਾਂ ਤੇ ਪਾਟੇ———ਜਦੋਂ ਕਿਸੇ ਬੰਦੇ ਵੱਲੋਂ ਦਿੱਤੀ ਗਈ ਮਾੜੀ ਵਸਤੂ ਨੂੰ ਨਿੰਦਣਾ ਹੋਵੇ ਤਾਂ ਇੰਜ ਆਖਦੇ ਹਨ।

ਬਾਬਾ ਆਊ ਤੇ ਬੱਕਰੀਆਂ ਚਰਾਊ———ਜਦੋਂ ਕੋਈ ਜਣਾ ਕਿਸੇ ਹੋਰ ਦੇ ਆਸਰੇ 'ਤੇ ਜੀਵੇ, ਉਦੋਂ ਇਹ ਅਖਾਣ ਵਰਤਦੇ ਹਨ, ਕਿਸੇ ਤੇ ਨਿਰਭਰ ਹੋਣਾ ਚੰਗਾ ਨਹੀਂ ਹੁੰਦਾ।

ਬਾਬਾ ਆਵੇ ਨਾ ਤੇ ਘੰਟਾ ਵੱਜੇ ਨਾ———ਜਦੋਂ ਕੋਈ ਕੰਮ ਕਿਸੇ ਵਿਸ਼ੇਸ਼ ਬੰਦੇ ਦੇ ਨਾ ਹੋਣ ਕਰਕੇ ਰੁਕਿਆ ਪਿਆ ਹੋਵੇ, ਉਦੋਂ ਕਹਿੰਦੇ ਹਨ।

ਬਾਬਾ ਵੀ ਗਰਮ ਤੇ ਗੋਲ਼ੀਆਂ ਵੀ ਗਰਮ———ਜਦੋਂ ਇਕੋ ਜਿਹੇ ਗਰਮ ਸੁਭਾਅ ਵਾਲੀਆਂ ਦੋ ਧਿਰਾਂ ਆਪਸ ਵਿੱਚ ਟਕਰਾਅ ਜਾਣ, ਉਦੋਂ ਇੰਜ ਆਖਦੇ ਹਾਂ।

ਬਾਰਾਂ ਸਾਲ ਦਿੱਲੀ ਰਹੇ, ਭੱਠ ਹੀ ਝੁਕਦੇ ਰਹੇ———ਜਦੋਂ ਕੋਈ ਬੰਦਾ ਕਿਸੇ ਚੰਗੀ ਚੋਖੀ ਕਮਾਈ ਕਰਨ ਵਾਲੇ ਸ਼ਹਿਰ ਵਿੱਚ ਰਹਿ ਕੇ ਖ਼ਾਲੀ ਹੱਥ ਵਾਪਸ ਪਰਤ ਆਵੇ, ਉਦੋਂ ਆਖਦੇ ਹਨ।

ਲੋਕ ਸਿਆਣਪਾਂ/129