ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/129

ਇਹ ਸਫ਼ਾ ਪ੍ਰਮਾਣਿਤ ਹੈ

ਬੱਦਲ ਵੀ ਨੀਵਾਂ ਹੋ ਕੇ ਵਸਦਾ ਹੈ———ਇਹ ਅਖਾਣ ਕਿਸੇ ਹੰਕਾਰੀ ਬੰਦੇ ਨੂੰ ਨਿਮਰਤਾ ਤੇ ਹਲੀਮੀ ਦਾ ਉਪਦੇਸ਼ ਦੇਣ ਲਈ ਬੋਲਿਆ ਜਾਂਦਾ ਹੈ।

ਬੱਦਲੀ ਦੀ ਧੁੱਪ ਬੁਰੀ, ਮਤਰੇਈ ਦੀ ਝਿੜਕ ਬੁਰੀ———ਜਦੋਂ ਕੋਈ ਮਤਰੇਈ ਮਾਂ ਆਪਣੇ ਮਤਰੇਏ ਪੁੱਤਰ ਨਾਲ ਦੁਰ-ਵਿਵਹਾਰ ਕਰੇ, ਗੱਲ ਗੱਲ ’ਤੇ ਝਿੜਕੇ, ਉਦੋਂ ਇਹ ਅਖਾਣ ਮਤਰੇਈ ਨੂੰ ਸੁਣਾ ਕੇ ਬੋਲਿਆ ਜਾਂਦਾ ਹੈ।

ਬਣੀ ਤੇ ਕੋਈ ਨਹੀਂ ਬਹੁੜਦਾ———ਜਦੋਂ ਕਿਸੇ ਬੰਦੇ ’ਤੇ ਮੁਸੀਬਤ ਆ ਜਾਂਦੀ ਹੈ ਤਾਂ ਉਸ ਦੇ ਮਿੱਤਰ ਬੇਲੀ ਵੀ ਸਾਥ ਛੱਡ ਜਾਂਦੇ ਹਨ, ਕੋਈ ਦੂਜਾ ਵੀ ਮਦਦ ਨਹੀਂ ਕਰਦਾ।

ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ———ਇਹ ਅਖਾਣ ਉਸ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ ਜਿਹੜਾ ਮਜ਼ਬੂਰ ਹੋ ਕੇ ਨਾ ਚਾਹੁੰਦਾ ਹੋਇਆ ਕਿਸੇ ਦਾ ਕੰਮ ਕਰੇ। ਰਜ਼ਾਮੰਦੀ ਤੇ ਮਰਜ਼ੀ ਬਿਨਾ ਕੀਤੇ ਕੰਮ ਦਾ ਕੋਈ ਗੁਣ ਨਹੀਂ ਹੁੰਦਾ।

ਬੱਧਾ (ਚੋਰ) ਮਾਰ ਖਾਂਦਾ ਹੈ———ਇਸ ਅਖਾਣ ਦਾ ਭਾਵ ਇਹ ਹੈ ਕਿ ਕਾਬੂ ਆਇਆ ਬੰਦਾ ਹੀ ਈਨ ਮੰਨਦਾ ਹੈ, ਉੱਜ ਕੌਣ ਕਿਸੇ ਦੀ ਪ੍ਰਵਾਹ ਕਰਦਾ ਹੈ।

ਬੱਧੀ ਮੁੱਠ ਲਖ ਬਰਾਬਰ———ਇਹ ਅਖਾਣ ਇਹ ਦਰਸਾਉਂਦਾ ਹੈ ਕਿ ਜਿਸ ਆਦਮੀ ਦੀ ਆਪਣੇ ਭਾਈਚਾਰੇ ਵਿੱਚ ਇੱਜ਼ਤ ਤੇ ਸਾਖ ਬਣੀ ਹੋਈ ਹੋਵੇ, ਉਹ ਹੀ ਅਸਲ ਵਿੱਚ ਲੱਖਪਤੀ ਹੈ।

ਬਲ ਬਿਨਾਂ ਆਦਰ ਨਹੀਂ———ਭਾਵ ਇਹ ਹੈ ਕਿ ਕਮਜ਼ੋਰ ਬੰਦੇ ਦਾ ਕਿਧਰੇ ਆਦਰਮਾਣ ਨਹੀਂ ਹੁੰਦਾ।

ਬਲਦ ਦੇ ਹੱਡ ਵਗਣ, ਸੰਢੇ ਦਾ ਮਾਸ———ਇਸ ਅਖਾਣ ਰਾਹੀਂ ਬਲਦ ਅਤੇ ਸੰਢੇ ਦੀ ਤਾਕਤ ਦਾ ਮੁਕਾਬਲਾ ਕਰਦਿਆਂ ਦੱਸਿਆ ਗਿਆ ਹੈ ਕਿ ਸੰਢਾ ਜ਼ੋਰ ਵਿੱਚ ਬਲਦ ਨਾਲੋਂ ਤਕੜਾ ਹੁੰਦਾ ਹੈ।

ਬਾਹਾਂ ਉੱਤੇ ਹੀ ਬੜਕਾਂ ਹੁੰਦੀਆਂ ਨੇ———ਭਾਵ ਇਹ ਹੈ ਕਿ ਜਿਹੜੇ ਬੰਦੇ ਦਾ ਪਿੱਛਾ ਤਕੜਾ ਹੋਵੇ, ਤੇ ਮਗਰ ਖਾਂਦੇ-ਪੀਂਦੇ ਰਿਸ਼ਤੇਦਾਰ ਹੋਣ ਉਹ ਉਹਨਾਂ ਦੇ ਮਾਣ ਤੇ ਤਾਂਗੜਦਾ ਹੈ।

ਬਾਹਮਣ ਦੇ ਹੱਥ ਛੁਰਾ, ਉਹ ਵੀ ਬੁਰਾ———ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਕਿ ਜੇਕਰ ਚੰਗੇ ਬੰਦੇ ਵੀ ਮਾੜੇ ਕੰਮ ਕਰਨ ਲੱਗ ਜਾਣ ਤਾਂ ਇਹ ਸਾਡੇ ਸਮਾਜ ਲਈ ਬੜੀ ਮਾੜੀ ਗੱਲ ਹੋਵੇਗੀ।

ਬਾਹਰ ਮੀਆਂ ਪੰਜ ਹਜ਼ਾਰੀ, ਘਰ ਬੀਬੀ ਝੋਲੇ ਦੀ ਮਾਰੀ———ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦ ਕੋਈ ਬੰਦਾ ਬਾਹਰ ਤਾਂ ਪੂਰੀ ਟੌਹਰ ਤੇ ਠਾਠ-ਬਾਠ ਨਾਲ਼ ਰਹੇ ਪੰਤੂ ਘਰ ਦੀ ਹਾਲਤ ਬਹੁਤ ਮੰਦੀ ਹੋਵੇ।

ਬਾਹਰ ਮੀਆਂ ਫੱਤੂ, ਘਰ ਨਾ ਸਾਗ ਨਾ ਸੱਤੂ———ਇਸ ਅਖਾਣ ਦਾ ਭਾਵ ਉਪਰੋਕਤ ਅਖਾਣ ਵਾਲਾ ਹੀ ਹੈ।

ਲੋਕ ਸਿਆਣਪਾਂ/127