ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/126

ਇਹ ਸਫ਼ਾ ਪ੍ਰਮਾਣਿਤ ਹੈ

ਪੇਕੇ ਵਸਣ ਕੁਆਰੀਆਂ ਮੈਂ ਵਸਾ ਸ਼ਰੀਕਾਂ ਨਾਲ———ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਕੁਆਰੀਆਂ ਕੁੜੀਆਂ ਪੇਕੀਂ ਵਸਦੀਆਂ ਹਨ, ਵਿਆਹੀਆਂ ਕੁੜੀਆਂ ਦੇ ਸਹੁਰੀਂ ਵਸਣ ਨਾਲ ਹੀ ਉਹਨਾਂ ਦਾ ਮਾਣ ਤਾਣ ਵਧਦਾ ਹੈ।

ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ———ਭਾਵ ਇਹ ਹੈ ਕਿ ਜ਼ਿੰਦਗੀ ਨੂੰ ਰੇੜ੍ਹਨ ਲਈ ਪੇਟ ਭਰਕੇ ਰੋਟੀ ਮਿਲਣੀ ਜ਼ਰੂਰੀ ਹੈ।

ਪੈਸਾ ਉਹਦਾ ਜਿਸਦੇ ਪੱਲੇ———ਇਸ ਅਖਾਣ ਵਿੱਚ ਇਹ ਸਿੱਖਿਆ ਦਿੱਤੀ ਗਈ ਹੈ ਕਿ ਪੈਸੇ ਨੂੰ ਆਪਣੇ ਹੱਥ ਹੇਠ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਲੋੜ ਅਨੁਸਾਰ ਵਰਤਿਆ ਜਾ ਸਕੇ।

ਪੈਸਾ ਖੋਟਾ ਆਪਣਾ ਬਾਣੀਏਂ ਨੂੰ ਕੀ ਦੋਸ਼———ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਆਪਣਾ ਸਾਕ ਸਬੰਧੀ ਹੀ ਕੋਈ ਮਾੜਾ ਕੰਮ ਕਰਕੇ ਬਦਨਾਮੀ ਖੱਟੇ।

ਪੈਸਾ ਪੈਸੇ ਨੂੰ ਖੱਟਦਾ ਹੈ———ਭਾਵ ਇਹ ਹੈ ਕਿ ਪੈਸਾ ਖ਼ਰਚ ਕਰਕੇ ਹੀ ਕਮਾਈ ਕੀਤੀ ਜਾ ਸਕਦੀ ਹੈ।

ਪੈਸੇ ਵਾਲੀ ਦਾ ਬਾਲ ਖੇਡਦਾ ਹੈ———ਭਾਵ ਸਪੱਸ਼ਟ ਹੈ ਕਿ ਪੈਸਾ ਖ਼ਰਚ ਕਰਕੇ ਹੀ ਸੁਖ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ।

ਪੈਂਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਹੀ———ਇਹ ਅਖਾਣ ਉਸ ਬੰਦੇ ਪ੍ਰਤੀ ਵਰਤਦੇ ਹਨ ਜਿਹੜਾ ਸਾਰਿਆਂ ਦੀ ਗੱਲ ਮੰਨਕੇ ਵੀ ਆਪਣੀ ਜ਼ਿੰਦ ’ਤੇ ਅੜਿਆ ਰਹੇ, ਪੰਚਾਇਤ ਦੀ ਗੱਲ ਮੰਨਕੇ ਵੀ ਨਾ ਮੰਨੇ।

ਪੈਰ ਵੱਡੇ ਗਵਾਰਾਂ ਦੇ, ਸਿਰ ਵੱਡੇ ਸਰਦਾਰਾਂ ਦੇ———ਭਾਵ ਇਹ ਹੈ ਕਿ ਵੱਡੇ ਪਰ ਗੰਵਾਰ ਹੋਣ ਦੀ ਨਿਸ਼ਾਨੀ ਸਮਝੇ ਜਾਂਦੇ ਹਨ ਤੇ ਵੱਡਾ ਸਿਰ ਸਰਦਾਰ ਹੋਣ ਦਾ ਪ੍ਰਤੀਕਿ ਸਮਝਿਆ ਜਾਂਦਾ ਹੈ।

ਪੋਹ ਪਾਲੇ ਦਾ ਰੋਹ———ਭਾਵ ਇਹ ਹੈ ਕਿ ਪੋਹ ਦੇ ਮਹੀਨੇ ਵਿੱਚ ਪਾਲਾ ਆਪਣੇ ਸਿਖ਼ਰ ਤੇ ਹੁੰਦਾ ਹੈ।

ਪੋਹ ਮਾਹ ਦੀ ਝੜੀ ਕੋਠਾ ਛੱਡੇ ਨਾ ਕੜੀ———ਭਾਵ ਇਹ ਹੈ ਕਿ ਪੋਹ ਮਹੀਨੇ ਵਸਿਆ ਮੀਂਹ ਬਹੁਤ ਨੁਕਸਾਨ ਕਰਦਾ ਹੈ।

ਪੋਹ ਮਾਹ ਦੀ ਦਿਹਾੜੀ ਚੌਂਕਾ ਚੁੱਲ੍ਹਾ ਤੇ ਬੁਹਾਰੀ———ਭਾਵ ਸਪੱਸ਼ਟ ਹੈ ਕਿ ਪੋਹ ਮਹੀਨੇ 'ਚ ਦਿਨ ਛੋਟੇ ਹੋਣ ਕਰਕੇ ਸਾਰਾ ਦਿਨ ਚੁੱਲਾ ਚੌਂਕਾ ਕਰਦਿਆਂ ਅਤੇ ਘਰੇ ਸੁੰਭਰਦਿਆਂ ਬੀਤ ਜਾਂਦਾ ਹੈ।

ਪੋਤੜਿਆਂ ਦੇ ਵਿਗੜੇ ਕਦੇ ਰਾਸ ਨਹੀਂ ਆਉਂਦੇ———ਭਾਵ ਇਹ ਹੈ ਕਿ ਬਚਪਨ ਵਿੱਚ ਪਈਆਂ ਮਾੜੀਆਂ ਆਦਤਾਂ ਕਦੀ ਵੀ ਨਹੀਂ ਸੁਧਰਦੀਆਂ।

ਲੋਕ ਸਿਆਣਪਾਂ/124