ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/104

ਇਹ ਸਫ਼ਾ ਪ੍ਰਮਾਣਿਤ ਹੈ

ਢਿੱਡੋਂ ਭੁੱਖੀ ਭੰਗੜੇ ਦਾ ਚਾਅ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਗ਼ਰੀਬ, ਆਦਮੀ ਹਵਾਈ ਕਿਲ੍ਹੇ ਉਸਾਰਨ ਲੱਗ ਜਾਵੇ, ਆਪਣੇ ਵਿੱਤ ਅਨੁਸਾਰ ਨਾ ਸੋਚੇ।

ਢੋਲ ਵੱਜੇ, ਢਮੱਕਾ ਵੱਜੇ ਸਾਨੂੰ ਕੀ ਭਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਦੇ ਘਰ ਦੀ ਖੁਸ਼ੀ ਨਾਲ ਸਾਡਾ ਕੋਈ ਸਰੋਕਾਰ ਨਹੀਂ।

ਢੋਲ ਵੱਜੇ ਢਮੱਕਾ ਵੱਜੇ, ਮੁੜ ਵਹੁਟੀ ਨੇ ਪੈਰ ਨਾ ਕੱਜੇ——ਜਦੋਂ ਵਾਰ-ਵਾਰ ਸਮਝਾਉਣ 'ਤੇ ਵੀ ਕੋਈ ਨਾ ਸਮਝੇ, ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।

ਤਕਦੀਰ ਅੱਗੇ ਤਦਬੀਰ ਨਹੀਂ ਚਲਦੀ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਬੀਮਾਰ ਬੰਦੇ ਦੀ ਤੀਮਾਰਦਾਰੀ ਤੇ ਬਹੁਤ ਸਾਰਾ ਧਨ ਖ਼ਰਚ ਕਰਨ 'ਤੇ ਵੀ ਉਸ ਦੀ ਮੌਤ ਹੋ ਜਾਵੇ। ਭਾਵ ਇਹ ਹੈ ਕੋਈ ਵੀ ਬੰਦਾ ਜਾਂ ਯਤਨ ਹੋਣੀ ਨੂੰ ਟਾਲ਼ ਨਹੀਂ ਸਕਦਾ।

ਤਖ਼ਤ ਜਾਂ ਤਖ਼ਤਾ——ਜਦੋਂ ਕੋਈ ਬੰਦਾ ਕਿਸੇ ਮੰਤਵ ਦੀ ਪ੍ਰਾਪਤੀ ਲਈ ਸਿਰ-ਧੜ ਦੀ ਬਾਜ਼ੀ ਲਾ ਦੇਵੇ, ਉਦੋਂ ਇਹ ਅਖਾਣ ਬੋਲਦੇ ਹਨ। ਇਹ ਅਖਾਣ ਦ੍ਰਿੜ੍ਹ ਇਰਾਦੇ ਦਾ ਸੂਚਕ ਹੈ।

ਤਕੜੇ ਤੇ ਡਿਗਾਂ ਨਾ, ਮਾੜੇ ਤੇ ਘੜੰਮ——ਜਦੋਂ ਕੋਈ ਬੰਦਾ ਮਾੜੇ ਜਾਂ ਕਮਜ਼ੋਰ ਬੰਦੇ ਤੇ ਰੋਹਬ ਛਾਂਟੇ ਪ੍ਰੰਤੂ ਤਕੜੇ ਤੋਂ ਦੂਰ ਰਹੇ, ਉਦੋਂ ਆਖਦੇ ਹਨ।

ਤੱਤਾ ਪਾਣੀ ਵੀ ਅੱਗ ਨੂੰ ਬੁਝਾ ਦੇਂਦਾ ਹੈ——ਭਾਵ ਇਹ ਹੈ ਕਿ ਸਤਾਏ ਹੋਏ ਕਮਜ਼ੋਰ ਵੈਰੀ ਦੀ ਚੋਟ ਵੀ ਕਈ ਵਾਰ ਤਕੜੇ ਵੈਰੀ ਦਾ ਨੁਕਸਾਨ ਕਰ ਦਿੰਦੀ ਹੈ।

ਤੰਦ ਤੰਦ ਕਰਦਿਆਂ ਤਾਣੀ ਬਣ ਜਾਂਦੀ ਹੈ——ਭਾਵ ਸਪੱਸ਼ਟ ਹੈ ਕਿ ਥੋੜ੍ਹੀ-ਥੋੜ੍ਹੀ ਬੱਚਤ ਕਰਨ ਨਾਲ਼ ਬਹੁਤ ਸਾਰਾ ਧਨ ਇਕੱਠਾ ਹੋ ਜਾਂਦਾ ਹੈ।

ਤੰਦ ਨਹੀਂ, ਤਾਣੀ ਹੀ ਵਿਗੜੀ ਹੋਈ ਹੈ——ਜਦੋਂ ਕਿਸੇ ਪਰਿਵਾਰ ਵਿੱਚ ਆਪੋ-ਧਾਪੀ ਪੈ ਜਾਵੇ, ਉਦੋਂ ਇੰਜ ਆਖਦੇ ਹਨ।

ਤੰਦ ਨਾ ਤਾਣੀ, ਜੁਲਾਹੇ ਨਾਲ਼ ਡਾਂਗੋ ਡਾਂਗੀ——ਜਦੋਂ ਕੋਈ ਬੰਦਾ ਬਿਨਾਂ ਕਿਸੇ ਕਾਰਨ ਹੀ ਕਿਸੇ ਨਾਲ ਲੜਾਈ-ਝਗੜਾ ਕਰੇ, ਉਦੋਂ ਆਖਦੇ ਹਨ।

ਤਨ ਸੁਖੀ ਮਨ ਸੁਖੀ——ਭਾਵ ਇਹ ਹੈ ਕਿ ਜਦੋਂ ਸਰੀਰ ਨੂੰ ਕਿਸੇ ਕਿਸਮ ਦੀ ਬੀਮਾਰੀ ਨਾ ਹੋਵੇ ਜਾਂ ਸਰੀਰ ਨੂੰ ਪੂਰਾ ਸੁਖ ਅਰਾਮ ਮਿਲੇ, ਉਦੋਂ ਮਨ ਸ਼ਾਂਤ ਰਹਿੰਦਾ ਹੈ।

ਤਬੇਲੇ ਦਾ ਘੋੜਾ, ਮਦਰਸੇ ਦਾ ਮੁੰਡਾ ਬਿਨਾਂ ਛੂਛਕੋ ਸਿੱਧੇ ਨਹੀਂ ਹੁੰਦੇ——ਭਾਵ ਇਹ ਹੈ ਕਿ ਤਬੇਲਾ ਦਾ ਘੋੜਾ ਅਤੇ ਸਕੂਲ ਪੜ੍ਹਦਾ ਮੁੰਡਾ ਡੰਡੇ ਬਿਨਾਂ ਸੂਤ ਨਹੀਂ ਆਉਂਦੇ, ਲਾਡ ਲਡਾਇਆਂ ਵਿਗੜ ਜਾਂਦੇ ਹਨ।

ਲੋਕ ਸਿਆਣਪਾਂ/102