ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/41

ਇਹ ਸਫ਼ਾ ਪ੍ਰਮਾਣਿਤ ਹੈ

ਧਰਤੀ ਜਾਏ

ਜਦੋਂ ਇਨਸਾਨ ਕੰਮ ਕਰਦਾ ਕਰਦਾ ਥੱਕ ਜਾਵੇ ਤਾਂ ਉਹ ਥਕੇਵਾਂ ਲਾਹੁਣ ਲਈ ਦਿਲ ਪਰਚਾਵੇ ਦਾ ਕੋਈ ਨਾ ਕੋਈ ਸਾਧਨ ਜ਼ਰੂਰ ਲੱਭਦਾ ਹੈ। ਸ਼ਹਿਰਾਂ ਵਿਚ ਸਿਨੇਮਾ-ਘਰ, ਲਾਇਬਰੇਰੀਆਂ ਤੇ ਰੇਡੀਓ ਆਦਿ ਉਸ ਦੀ ਇਸ ਭੁੱਖ ਨੂੰ ਕਿਸੇ ਹਦ ਤੀਕਰ ਤ੍ਰਿਪਤ ਕਰ ਦੇਂਦੇ ਹਨ, ਪਰ ਪਿੰਡਾਂ ਵਿਚ ਉਹ ਸਹੂਲਤਾਂ ਨਹੀਂ ਮਿਲਦੀਆਂ ਜਿਹੜੀਆਂ ਕਿ ਸ਼ਹਿਰਾਂ ਵਿਚ ਆਮ ਮਿਲ ਜਾਂਦੀਆਂ ਹਨ।

ਚੰਨ-ਚਾਨਣੀਆਂ ਵਿਚ ਪਾਏ ਗਿੱਧੇ ਅਤੇ ਕਾਲੀਆਂ ਬੋਲੀਆਂ ਰਾਤਾਂ ਵਿਚ ਪਾਈਆਂ ਲੋਕ-ਬੁਝਾਰਤਾਂ ਕਾਫੀ ਹੱਦ ਤੀਕਰ ਦਿਲ-ਪਰਚਾਵੇ ਦਾ ਸਾਧਨ ਬਣ ਜਾਂਦੀਆਂ ਹਨ। ਬੁਝਾਰਤਾਂ ਦੇ ਪਿੜ ਵਿਚ ਤਾਂ ਨਿੱਕੇ ਤੋਂ ਲੈ ਕੇ ਬੁੱਢੇ ਤੀਕਰ ਸਭ ਭਾਗ ਲੈਂਦੇ ਹਨ। ਜਿਥੇ ਇਹ ਦਿਲ ਪਰਚਾਵੇ ਦਾ ਇਕ ਸਾਧਨ ਹੁੰਦੀਆਂ ਹਨ, ਓਥੇ ਮਨੁੱਖ ਦੀ ਸੋਚ-ਸ਼ਕਤੀ ਵਧਾਣ ਅਤੇ ਗਿਆਨ ਵਿਚ ਵਾਧਾ ਕਰਨ ਵਿਚ ਵੀ ਸਹਾਇਤਾ ਕਰਦੀਆਂ ਹਨ। ਲੋਕ ਗੀਤਾਂ ਵਾਂਗ ਇਨ੍ਹਾਂ ਦੇ ਵੀ ਕਈ ਵਿਸ਼ੇ ਹਨ। ਧਰਤੀ ਜਾਇਆਂ ਬਾਰੇ ਸਾਨੂੰ ਕਾਫੀ ਬੁਝਾਰਤਾਂ ਮਿਲਦੀਆਂ ਹਨ।

ਦਿਨੇ ਕਪਾਹ ਚੁੱਗ ਕੇ ਥੱਕੀਆਂ ਹੋਈਆਂ ਸੁਆਣੀਆਂ ਰਾਤੀਂ ਇਸ ਬਾਰੇ ਬੁਝਾਰਤਾਂ ਪਾ ਆਪਣਾ ਥਕੇਵਾਂ ਲਾਹੁੰਦੀਆਂ ਹਨ:-

ਮਾਂ ਜੰਮੀਂ ਪਹਿਲਾਂ
ਬਾਪੂ ਜੰਮਿਆਂ ਪਿਛੋਂ
ਬਾਪੂ ਨੇ ਅੱਖ ਮਟਕਾਈ
ਵਿਚੋਂ ਦਾਦੀ ਨਿੱਕਲ ਆਈ
(ਕਪਾਹ)

ਬੁਝਾਰਤਾਂ ਸੁਣ ਕੇ ਚਾਰੇ ਬੰਨੇ ਹਾਸਾ ਛਣਕ ਪੈਂਦਾ ਹੈ। ਕੋਈ ਸੂਝਵਾਨ ਹੀ ਬੜੇਵੇਂ ਦੇ ਬੀਜਣ ਤੋਂ ਲੈ ਕੇ ਕਪਾਹ ਖਿੜਨ ਤੀਕਰ ਦੀ ਕਹਾਣੀ ਦੱਸ ਕੇ

37/ ਲੋਕ ਬੁਝਾਰਤਾਂ