ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/23

ਇਹ ਸਫ਼ਾ ਪ੍ਰਮਾਣਿਤ ਹੈ

ਰਿਗਵੇਦ ਦਾ ਇਕ ਹੋਰ ਮੰਤਰ :-

द्वा सपरर्गा सयुजा सखाया, समान् वृक्षं परिषस्व जाते
तपोरन्यः पिप्पलं स्वाद्वत्यनः, कनननन्न्यो श्रभिचाकशीति [1]

"ਦੋ ਪੰਛੀ, ਇਕੱਠੇ ਰਹਿੰਦੇ ਹਨ, ਦੋਵੇਂ ਪਰਸਪਰ ਮਿੱਤਰ ਹਨ, ਇਕੋ ਬਿਰਛ ਤੇ ਰਹਿੰਦੇ ਹਨ। ਇਨ੍ਹਾਂ ਵਿਚੋਂ ਇਕ ਸੁਆਦਲੇ ਫਲ ਖਾ ਰਿਹਾ ਹੈ ਤੇ ਇਕ ਬੈਠਾ ਵੇਖਦਾ ਹੈ।"

ਇਸ ਦਾ ਅਧਿਆਤਮਕ ਜਵਾਬ ਦਿੱਤਾ ਜਾਂਦਾ ਹੈ। ਜੀਵਾਤਮਾ ਤੇ ਪ੍ਰਮਾਤਮਾ ਜੋ ਸਰੀਰ ਵਿਚ ਇਕੱਠੇ ਰਹਿੰਦੇ ਹਨ, ਜੀਵਾਤਮਾ ਫਲ ਭੋਗਦਾ ਤੇ ਪ੍ਰਮਾਤਮਾ ਕੇਵਲ ਦਰਸ਼ਕ ਬਣ ਕੇ ਰਹਿੰਦਾ ਹੈ। ਗੁਰਬਾਣੀ ਵਿਚ ਵੀ ਅਜੇਹਾ ਬੁਝਾਰਤੀ ਵਰਣਨ ਮਿਲਦਾ ਹੈ-

ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੁ ਆਹਿ॥
ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ॥

ਇਸੇ ਤਰ੍ਹਾਂ ਬਾਈਬਲ ਵਿਚ ਵੀ ਬੁਝਾਰਤਾਂ ਪਾਉਣ ਦਾ ਜ਼ਿਕਰ ਮਿਲਦਾ ਹੈ, ਪੁਰਾਣਿਆਂ ਕਬੀਲਿਆਂ ਵਿਚ ਹੁਣ ਤਕ ਬਾਤਾਂ ਪਾਉਣ ਦਾ ਰਿਵਾਜ ਚਲਿਆ ਆ ਰਿਹਾ ਹੈ। ਸਰ ਜੇਮਜ਼ ਫਰੋਜ਼ਰ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਕਈ ਕਬੀਲਿਆਂ ਵਿਚ ਖਾਸ ਮੌਕਿਆਂ ਤੇ ਖਾਸ ਖਾਸ ਉਤਸਵਾਂ ਤੇ ਹੀ ਬੁਝਾਰਤਾਂ ਪੁਛੀਆਂ ਜਾਂਦੀਆਂ ਹਨ। ਹਿੰਦ ਦੇ ਆਦਿ ਵਾਸੀਆਂ ਵਿਚੋਂ ਗੌਂਡ, ਪਰਧਾਨ ਤੇ ਬਿਰਹੌਰ ਜਾਤੀਆਂ ਦੇ ਵਿਆਹਾਂ ਸਮੇਂ ਪਹੇਲੀ ਪੁੱਛਣਾ ਇਕ ਲਾਜ਼ਮੀ ਰਸਮ ਹੈ।[2] ਅਫਰੀਕਾ ਦੇ ਬੰਤੂ ਕਬੀਲੇ ਦੀਆਂ ਤੀਵੀਆਂ ਨਾਚ ਕਰਦੀਆਂ ਆਦਮੀ ਤੋਂ ਬੁਝਾਰਤਾਂ ਪੁਛਦੀਆਂ ਹਨ, ਜੇ ਉਹ ਨਾ ਬੁਝ ਸਕੇ, ਮਾਰਦੀਆਂ ਹਨ। ਤੁਰਕੀ ਕੁੜੀਆਂ ਸ਼ਾਦੀ ਹਿੱਤ ਮਨੁੱਖ ਦੀ ਪ੍ਰੀਖਿਆ ਲਈ ਬੁਝਾਰਤਾਂ ਪੁਛਦੀਆਂ ਹਨ, ਪੰਜਾਬ ਦੇ ਪਿੰਡਾਂ ਵਿਚ ਵਿਆਹਾਂ ਸਮੇਂ 'ਛੰਦ ਪਰਾਗੇ ਆਈਏ ਜਾਈਏ' ਦੀ ਪੁਛ-ਗਿਛ ਇਕ ਤਰ੍ਹਾਂ ਦਾ ਬੁਝਾਰਤੀ ਰੂਪ ਹੀ ਹੈ।


21/ ਲੋਕ ਬੁਝਾਰਤਾਂ

  1. *ਗ੍ਰਾਮ ਸਾਹਿਤ, ਪੰਨਾ 288-89
  2. **'ਮੈਨ ਇਨ ਇੰਡੀਆ' ਦਾ 'ਐਨ ਇੰਡੀਅਨ ਹਿਡਲ ਬੁੱਕ, ਅੰਕ 4, ਭਾਗ 13 ਦਸੰਬਰ 1943 ਵਿਚ ਵੇਰੀਅਰ ਐਲਵਿਨ ਤੇ W.G. ਆਰਚਰ ਲਿਖਤ ਨੋਟ 'ਔਨ ਦੀ ਯੂਜ਼ ਆਫ ਰਿਡਲਜ਼ ਇਨ ਇੰਡੀਆ।'