ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਪਰਵੇਸ਼

ਲੋਕ-ਸਾਹਿਤ ਵਿਚ ਲੋਕਾਂ ਦੇ ਮਨੋਭਾਵ ਪ੍ਰਗਟਾਉਣ ਲਈ ਜਿਵੇਂ ਲੋਕਗੀਤ ਪ੍ਰਮੁੱਖ ਸਥਾਨ ਰਖਦੇ ਹਨ, ਤਿਵੇਂ ਬੁਝਾਰਤਾਂ, ਲੋਕ-ਬੁੱਧੀ ਦਾ ਚਮਕਾਰਾ ਦਿਖਾਉਣ ਲਈ ਖਾਸ ਮਹੱਤਵ ਦੀਆਂ ਧਾਰਨੀ ਹਨ। ਆਮ ਖ਼ਿਆਲ ਹੈ ਕਿ ਬੌਧਕ ਚੀਜ਼ਾਂ ਖਾਸ ਖਾਸ ਬੌਧਕ ਵਿਅਕਤੀਆਂ ਦੇ ਹਿੱਸੇ ਹੀ ਆਈਆਂ ਹਨ, ਆਮ ਲੋਕ ਇਸ ਦੁਨੀਆਂ ਤੋਂ ਜਾਣੂ ਨਹੀਂ ਪ੍ਰੰਤੂ ਬੁਝਾਰਤਾਂ ਤੋਂ ਜ਼ਾਹਰ ਹੈ ਕਿ ਭਾਵਕ ਤ੍ਰਿਪਤੀ ਵਾਂਙ ਬੌਧਕ ਸੰਤੁਸ਼ਟਤਾ ਲਈ ਵੀ ਲੋਕ-ਪੱਧਰ ਤੇ ਆਪਣੀ ਤਰ੍ਹਾਂ ਦੇ ਯਤਨ ਹੁੰਦੇ ਆਏ ਹਨ। ਜਿਵੇਂ ਸਰੀਰਕ ਵਰਜਿਜ਼ ਲਈ ਖੇਡਾਂ ਹਨ ਤਿਵੇਂ ਪੇਂਡੂ ਜੀਵਨ ਵਿਚ ਦਿਮਾਗ਼ੀ ਅਭਿਆਸ ਲਈ ਬੁਝਾਰਤਾਂ; ਬੁਝਾਰਤਾਂ ਜਿਥੇ ਮੁੰਡੇ ਕੁੜੀਆਂ ਦੀ ਬੁੱਧੀ ਨੂੰ ਤੇਜ਼-ਤਿਖਾ ਕਰਦੀਆਂ ਹਨ, ਉਥੇ ਨਾਲ ਨਾਲ ਮਨੋਰੰਜਨ ਵੀ ਕਰਦੀਆਂ ਹਨ। ਕੇਵਲ ਬਾਲਕ ਹੀ ਬਾਤ ਪਾਉਣ ਤੇ ਬੁੱਝਣ ਦੀ ਖੁਸ਼ੀ ਹਾਸਲ ਨਹੀਂ ਕਰਦੇ ਬਲਕਿ ਸਿਆਣੇ ਵੀ ਇਸ ਵਿਚ ਦਿਲਚਸਪੀ ਲਏ ਬਗੈਰ ਨਹੀਂ ਰਹਿ ਸਕਦੇ। ਬੁੱਝਣ ਵਾਲੇ ਲਈ ਬੁਝਾਰਤ ਇਕ ਤਰ੍ਹਾਂ ਦਾ ਚੈਲੰਜ ਹੁੰਦੀ ਹੈ ਤੇ ਕੋਈ ਇਸ ਚੈਲੰਜ ਤੋਂ ਪਿੱਛੇ ਹਟਣਾ ਪਸੰਦ ਨਹੀਂ ਕਰਦਾ। ਇਸ ਲਈ ਬੁਝਾਰਤ ਨਿਆਣੇ ਸਿਆਣਿਆਂ ਦੇ ਬੁੱਧੀ-ਸੰਗਰਾਮ ਦਾ ਇੱਕ ਸਾਂਝਾ ਕੇਂਦਰ ਹੈ ਤੇ ਕਈ ਵਾਰ ਵੱਡਿਆਂ ਵੱਡਿਆਂ ਸਿਆਣਿਆਂ ਨੂੰ ਵੀ ਇਸ ਵਿਚ ਹਾਰ ਖਾਣੀ ਪੈਂਦੀ ਹੈ ਪਰ ਇਹ ਮਿੱਠੀ ਹਾਰ ਦੁਖ ਦਾ ਕਾਰਨ ਬਣਨ ਦੀ ਥਾਂ ਖੁਸ਼ੀਆਂ ਦੇ ਹਾਸੇ ਦਾ ਸਾਧਨ ਬਣਦੀ ਹੈ।

ਬੁਝਾਰਤਾਂ, ਕਿਸ ਬਣਾਈਆਂ ਤੇ ਕਦੋਂ ਤੋਂ ਚਲੀਆਂ, ਇਹ ਦੱਸਣਾ ਔਖਾ ਹੈ। ਇਹ ਵੀ ਲੋਕ ਗੀਤਾਂ ਵਾਂਙ ਆਪਣੇ ਆਪ ਬਣਦੀਆਂ ਚਲੀਆਂ ਆ ਰਹੀਆਂ ਹਨ ਤੇ ਲੋਕ-ਜੀਵਨ ਦੀਆਂ ਪੁਰਾਣੀਆਂ ਸਾਥਣਾਂ ਹਨ। ਵੈਦਕ ਜ਼ਮਾਨੇ ਵਿਚ ਅਸੁਮੇਧ ਜੱਗ ਸਮੇਂ ਬੁੱਧੀ-ਪਰੀਖਿਆ ਤੇ ਬੁੱਧੀ ਬਿਲਾਸ ਲਈ ਬੁਝਾਰਤਾਂ ਪੁੱਛੀਆਂ ਜਾਂਦੀਆਂ ਸਨ। ਰਿਗਵੇਦ ਦੇ ਕਈ ਮੰਤਰਾਂ ਨੂੰ ਕਈ

19/ ਲੋਕ ਬੁਝਾਰਤਾਂ