ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/115

ਇਹ ਸਫ਼ਾ ਪ੍ਰਮਾਣਿਤ ਹੈ

ਕਿ ਕਿਹੜੇ ਮਹੀਨੇ ਇਹ ਸਭ ਕੁਝ ਹੁੰਦੈ। ਉਹ ਝੱਟ ਉੱਤਰ ਦੇ ਦਿੰਦਾ ਏ "ਕੱਤਕ ਦਾ ਮਹੀਨਾ" ਇਸ ਪ੍ਰਕਾਰ ਰਹਿਮੂ ਦੀ ਰਹਾਈ ਹੋ ਜਾਂਦੀ ਏ।

ਮੈਂ ਲੈਣ ਆਈ ਸਾਂ ਤੈਨੂੰ
ਤੂੰ ਫੜ ਬੈਠਾ ਮੈਨੂੰ
ਛੱਡ ਦੇ ਤੂੰ ਮੈਨੂੰ
ਮੈਂ ਲੈ ਜਾਵਾਂ ਤੈਨੂੰ

ਅੱਗ ਜਲਾਣ ਲਈ ਕੋਈ ਬਾਹਰੋਂ ਕੰਡੇ ਲੈਣ ਲਈ ਜਾਂਦੀ ਹੈ। ਵਿਚਾਰੀ ਦੇ ਕੰਡੇ ਚੁਗਦਿਆਂ ਚੁਗਦਿਆਂ ਕੰਡਾ ਪੈਰ ਵਿਚ ਚੁੱਭ ਜਾਂਦਾ ਹੈ ਅਤੇ ਵਿੱਚ ਹੀ ਟੁੱਟ ਜਾਂਦਾ ਏ। ਕੰਡੇ ਨਾਲ ਬਹੁਤ ਤਕਲੀਫ ਹੁੰਦੀ ਏ। ਵਿਚਾਰੀ ਪੈਰ ਫੜਕੇ ਬੈਠ ਜਾਂਦੀ ਏ ਅਤੇ ਕਹਿੰਦੀ ਏ:-

"ਮੈਂ ਤਾਂ ਤੈਨੂੰ ਲੈਣ ਆਈ ਸਾਂ। ਤੂੰ ਉਲਟਾ ਮੈਨੂੰ ਹੀ ਫੜ ਬੈਠਾ ਏਂ। ਤੂੰ ਮੈਨੂੰ ਛਡ ਦੇ ਤਾਂ ਜੋ ਮੈਂ ਤੈਨੂੰ ਛੇਤੀ ਘਰ ਲੈ ਜਾਵਾਂ।"

ਬਾਤ ਪਾਵਾਂ
ਪਾਈ ਨਾ ਜਾਏ
ਨੌਂ ਮਣ ਕਣਕ
ਕੁੱਤਾ ਲਈਂ ਜਾਏ

ਇਹ ਬੁਝਾਰਤ ਉਸ ਸਮੇਂ ਦੀ ਹੈ ਜਦੋਂ ਪੰਜਾਬ ਵਿਚ ਕਣਕ ਇਕ ਰੁਪਏ ਦੀ ਇਕ ਮਣ ਆ ਜਾਇਆ ਕਰਦੀ ਸੀ। ਇਸ ਬੁਝਾਰਤ ਦਾ ਉੱਤਰ ਇਸ ਤਰ੍ਹਾਂ ਹੈ:-

ਆਪਣੇ ਪੇਕਿਆਂ ਨੂੰ ਜਾਣ ਲਈ ਵਹੁਟੀ ਰੋਟੀਆਂ ਪਕਾਉਂਦੀ ਹੈ। ਘਰਦਿਆਂ ਤੋਂ ਚੋਰੀ ਆਟੇ ਵਿਚ ਚਾਂਦੀ ਦੇ ਨੌਂ ਰੁਪਈਏ ਪਾ ਰੋਟੀ ਪਕਾ ਲੈਂਦੀ ਹੈ। ਪਰ ਉਹ ਪਕਾਈ ਹੋਈ ਰੋਟੀ ਕੁੱਤਾ ਚੁੱਕਕੇ ਲੈ ਜਾਂਦਾ ਹੈ। ਵਿਚਾਰੀ ਫਸ ਜਾਂਦੀ ਏ। ਸਿੱਧਾ ਦਸ ਨਹੀਂ ਸਕਦੀ ਰੋਟੀ ਵਿਚ ਨੌਂ ਰੁਪਈਏ ਸਨ ਇਸ ਲਈ ਡੰਡ ਪਾਉਂਦੀ ਏ:-

ਕੁੱਤਾ ਨੌਂ ਮਣ ਕਣਕ ਲੈ ਗਿਆ ਏ।
ਹਰਾ ਦੁਪੱਟਾ

111/ ਲੋਕ ਬੁਝਾਰਤਾਂ