ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਕਾਮ ਕੰਦਲਾਂ ਨਾਚ ਨੱਚੇ
ਉੱਤੇ ਬੈਠਾ ਸਿੱਧ
ਸਿੱਧੂ ਦੀ ਨਿਗਾ ਕੁਬੱਲੀ
ਨਹੀਂ ਹੋਗੇ ਦੋ ਤੋਂ ਤਿੰਨ
ਨਹੀਂ ਬੁੜ੍ਹੀਆਂ ਰਹਿਗੀ ਕੱਲੀ

ਇਸ ਬੁਝਾਰਤ ਦਾ ਉਤਰ ਵੀ ਉਪਰੋਕਤ ਉਤਰ ਵਾਂਗ ਹੀ ਹੈ। ਉਸੇ ਤਰ੍ਹਾਂ ਸ਼ਹਿਜ਼ਾਦੀ ਸ਼ਰਤ ਲਾਉਂਦੀ ਹੈ ਅਤੇ ਇਕ ਬੁਢੀ ਦਾ ਪੁੱਤਰ ਉੱਤਰ ਦੇਣ ਲਈ ਜਾਂਦਾ ਹੈ।

ਉੱਤਰ ਇਸ ਤਰ੍ਹਾਂ ਹੈ:-

ਮੱਝ ਘਾਹ ਚਰ ਰਹੀ ਹੁੰਦੀ ਏ, ਉਸ ਦੀਆਂ ਅੱਖਾਂ ਦੇ ਬਾਲਾਂ ਉੱਤੇ ਮੋਤੀਆਂ ਦੇ ਦਾਣਿਆਂ ਵਾਂਗ ਤ੍ਰੇਲ ਤੁਪਕੇ ਪਏ ਹਨ। ਮੱਝ ਦੇ ਅੱਗੇ ਡੱਡ ਟਪੂਸੀਆਂ ਮਾਰ ਰਹੀ ਹੈ। ਮੱਝ ਦੀ ਪਿੱਠ ਉੱਤੇ ਬਗਲਾ ਸਮਾਧੀ ਮਾਰੀਂ ਡੱਡੀ ਨੂੰ ਚੁੱਕਣ ਲਈ ਤਿਆਰੀ ਕਰ ਰਿਹਾ ਏ।

ਚੰਨ ਚਾਨਣੀ ਰਾਤ
ਤਾਰਿਆਂ ਭਰੀ ਹੋਈ ਏ
ਸਾਡੇ ਤੇਰ੍ਹਵੀਂ ਤ੍ਰੀਕ
ਥੋਡੇ ਚੌਥ ਹੋਈ ਏ
ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਏ
ਥੋਡੇ ਤੇਰ੍ਹਵੀਂ ਤ੍ਰੀਕ
ਸਾਡੇ ਚੌਥ ਹੋਈ ਏ।

ਇਸ ਬੁਝਾਰਤ ਦੇ ਉੱਤਰ ਲਈ ਦੋ ਸੂਝਵਾਨ ਸਹੇਲੀਆਂ ਦੀ ਵਾਰਤਾ ਸੁਣਾਈ ਜਾਂਦੀ ਹੈ:-

ਅਜ ਦਾ ਨਹੀਂ ਸਗੋਂ ਪੁਰਾਣੇ ਸਮੇਂ ਤੋਂ ਇਹ ਰਵਾਜ ਚਲਿਆ ਆ ਰਿਹਾ ਏ ਕਿ ਕਿਸੇ ਤਿਉਹਾਰ ਆਦਿ ਦੇ ਸਮੇਂ ਘਰ ਵਿੱਚ ਜਿਹੜੇ ਪਦਾਰਥ ਬਣਾਏ ਜਾਂਦੇ ਹਨ ਉਨ੍ਹਾਂ ਨੂੰ ਇਸਤਰੀਆਂ ਇਕ ਦੂਜੀ ਦੇ ਘਰ ਭੇਜ ਦੇਂਦੀਆਂ ਹਨ।

108/ ਲੋਕ ਬੁਝਾਰਤਾਂ