ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਸ ਦਾ ਐਬੀ ਪੁੱਤ


"ਪੁੱਤ ਤੇਰਾ ਵੈਲੀ ਸੱਸੀਏ, ਕੀਹਦੇ ਹੋਂਸਲੇ ਲੰਮਾਂ ਤੰਦ ਪਾਵਾਂ" - ਓਸ ਦਿਲੇ ਦੀ ਹੂਕ ਏ ਜਿਸ ਦੀਆਂ ਮੱਖਣ ਜਹੀਆਂ ਗੋਰੀਆਂ ਬਾਹਵਾਂ ਵਿੱਚ ਪਾਈਆਂ ਰਾਂਗਲੀਆਂ ਵੰਗਾਂ ਨੂੰ, ਕਿਸੇ ਵੈਲੀ ਪਤੀ ਦੇ ਖਰਵੇ ਹੱਥ ਭੰਨਣ ਲੱਗੇ ਕਿਰਕ ਨਹੀਂ ਕਰਦੇ। ਅਨੇਕਾਂ ਗੀਤਾਂ ਰਾਹੀਂ ਵੈਲੀ ਅਤੇ ਐਬੀ ਪਤੀ ਹੱਥੋਂ ਤੰਗ ਆਈ ਮੁਟਿਆਰ ਆਪਣੇ ਦਿਲ ਦੀ ਹਵਾੜ ਕਢਦੀ ਹੈ।

ਕਈ ਵਾਰ ਮਾਪੇ, ਜਾਣਦੇ ਹੋਏ ਵੀ ਵੱਡੇ ਘਰ ਦੇ ਲਾਲਚ ਵਿੱਚ ਆ ਕੇ ਆਪਣੀ ਮਲੂਕ ਜਿਹੀ ਧੀ ਨੂੰ ਕਿਸੇ ਸ਼ਰਾਬੀ ਦੇ ਲੜ ਲਾ ਦਿੰਦੇ ਹਨ। ਉਹਨਾਂ ਦੀ ਸੋਚਣੀ ਹਾਂ ਪੱਖੀ ਹੁੰਦੀ ਹੈ। ਉਹ ਸਮਝਦੇ ਹਨ ਕਿ ਵਿਆਹ ਤੋਂ ਬਾਅਦ ਜੁੰਮੇਵਾਰੀ ਪੈਣ ਤੇ ਮੁੰਡਾ ਆਪੇ ਸੁਧਰ 'ਜਾਵੇਗਾ। ਪਰੰਤੂ ਸੁਖ ਦੀ ਥਾਂ ਧੀ ਨੂੰ ਜਿਹੋ ਜਿਹਾ ਜੀਵਨ ਬਿਤਾਉਣਾ ਪੈਂਦਾ ਹੈ ਉਸ ਬਾਰੇ ਉਹ ਗਿੱਧੇ ਦੇ ਪਿੜ ਵਿੱਚ ਆਪਣੇ ਮਾਪਿਆਂ ਨੂੰ ਉਲਾਂਭਾ ਦਿੰਦੀ ਹੈ: -

ਸੁਣ ਵੇ ਤਾਇਆ
ਸੁਣ ਵੇ ਚਾਚਾ
ਚੁਣ ਵੇ ਬਾਬਲ ਲੋਭੀ
ਦਾਰੂ ਪੀਣੇ ਨੂੰ -
ਮੈਂ ਕੂੰਜ ਕਿਉਂ ਡੋਬੀ!

ਹੁਣ ਮਾਪਿਆਂ ਨੂੰ ਕੀ। ਉਹਨਾਂ ਆਪਣਾ ਫਰਜ਼ ਪੂਰਾ ਕਰ ਦਿੱਤਾ, ਕੁੜੀ ਵਿਆਹ ਦਿੱਤੀ -- ਅੱਗੇ ਕੁੜੀ ਦੇ ਭਾਗ! ਪਰ ਕੂੰਜ ਕੁਰਲਾਉਂਦੀ ਰਹਿੰਦੀ ਏ - ਆਪਣੇ ਸ਼ਰਾਬੀ ਪਤੀ ਅੱਗੇ ਵਾਸਤੇ ਪਾਉਂਦੀ ਹੈ, ਪਿਆਲਾ ਭੰਨਣ ਦੀ ਕੋਸ਼ਸ਼ ਕਰਦੀ ਏ ਕਿ ਉਹ ਸ਼ਰਾਬ ਨਾ ਪੀਵੇ – ਪਰ ਅੱਗੋਂ ਛੱਡਣ ਦਾ ਡਰ ਤੇ ਮਜਬੂਰੀਆਂ ...

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 95