ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰਬਾ ਮੇਰੀ ਜਾਨ ਕੁੜੇ ਤੂੰਬਾ

ਭਾਬੋ ਵੀ ਇਹੋ ਜਿਹੀ ਨਣਦ ਨੂੰ ਕਦੋਂ ਚੰਗਾ ਆਖ ਸਕਦੀ ਹੈ

ਭੰਨਤਾ ਹੱਥੀ ਤੋਂ ਚਰਖਾ
ਨਣਦ ਬਛੇਰੀ ਨੇ

ਇਹੋ ਜਿਹੀ ਨਣਦ ਨਹੀਂ ਚਾਹੁੰਦੀ ਕਿ ਵੀਹਾ ਭਾਬੋ ਨੂੰ ਲਾਡਲੀ ਬਣਾਕੇ ਰੱਖੇ।

ਇਸੇ ਲਈ ਵਰਜਦੀ ਹੈ:
ਅੱਟੀ ਅੱਟੀ ਵੇ ਵੀਰਾ
ਸੂਤ ਦੀ ਅੱਟੀ
ਮੈਂ ਕੀ ਜਾਣਦੀ ਵੀਰਾ
ਭਾਬੋ ਮਾਝੇ ਦੀ ਜੱਟੀ
ਔਖਾ ਹੋਵੇਂਗਾ ਵੀਰਾ
ਭਾਬੋ ਲਾਡਲੀ ਰੱਖੀ
ਵਿਆਹ ਕਰਵਾ ਲਾਂਗਾ ਬੀਬੀ
ਭਾਰੀ ਲੈ ਦੂੰਗਾ ਚੱਕੀ
ਪੇਕੀਂ ਉੱਠ ਜੂ ਵੀਰਾ
ਤੇਰੀ ਚੱਕੀ ਦੀ ਥੱਕੀ

ਜਿਹੜੇ ਘਰਾਂ 'ਚ ਨਣਦਾਂ ਹੀ ਮੁਖ਼ਤਿਆਰ ਹੁੰਦੀਆਂ ਹਨ, ਓਥੇ ਭਰਜਾਈਆਂ ਉਨ੍ਹਾਂ ਹੱਥੋਂ ਅਤੀ ਹੀ ਤੰਗ ਰਹਿੰਦੀਆਂ ਹਨ। ਇਕ ਵੀਰਾ ਸਹੁਰੀਂ ਬੈਠੀ ਭੈਣ ਨੂੰ ਪੇਕੇ ਲਿਜਾਣ ਲਈ ਆਉਂਦਾ ਹੈ। ਭੈਣ ਆਗਿਆ ਲੈਣ ਵਜੋਂ ਆਪਣੀ ਸੱਸ ਕੋਲ ਜਾਂਦੀ ਹੈ। ਅਗੋਂ ਸੱਸ ਸਹੁਰੇ ਕੋਲ, ਸਹੁਰਾ ਜੇਠ ਕੋਲ, ਜੇਠ ਜਠਾਣੀ ਕੋਲ, ਜਠਾਣੀ ਪਤੀ ਕੋਲ ਅਤੇ ਪਤੀ ਨਣਦ ਕੋਲ ਘਲ ਦੇਂਦਾ ਹੈ। ਪਰ ਅਗੋਂ ਨਣਦ ਘਰ ਦੇ ਸਾਰੇ ਕੰਮ ਗਿਣਾ ਦੇਂਦੀ ਹੈ। ਇਸ ਤਰ੍ਹਾਂ ਸਹੁਰੇ ਰਹਿੰਦੀ ਭੈਣ ਨੂੰ ਆਪਣਾ ਸੋਨੇ ਜਿਹਾ ਵੀਰ-ਦਿਲ ਦੀਆਂ ਦਿਲ ਵਿੱਚ ਰਖ ਸੱਖਣਾ ਮੋੜਨਾ ਪੈਂਦਾ ਹੈ।

ਸੱਸੇ ਅਟੇਰਨ ਟੈਰਦੀਏ
ਨੀ ਅਜ ਘਰ ਆਇਆ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 88