ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਸ਼ਤਾ ਨਣਦ-ਭਰਜਾਈ ਦਾ

"ਉਹ ਘਰ ਨਹੀਂ ਵਸਦੇ, ਜਿਥੇ ਨਣਦਾਂ ਦੀ ਸਰਦਾਰੀ ਕਿਸੇ ਸਾਧਾਰਨ ਘਟਨਾ ਤੋਂ ਉਪਜਿਆ ਗੀਤ ਨਹੀਂ। ਇਸ ਗੀਤ ਦੇ ਪਛੋਕੜ ਵਿੱਚ ਅਨੇਕਾਂ ਲੋਕ-ਗੀਤ ਨਣਦ ਭਰਜਾਈ ਦੀ ਖਿਚੋਤਾਣ ਨੂੰ ਉਲੀਕਦੇ, ਲੋਕ-ਦਿਲਾਂ ਦੀਆਂ ਧੜਕਦੀਆਂ ਹੋਈਆਂ ਹਿਕੜੀਆਂ ਦੇ ਅਰਮਾਨਾਂ ਦੀ ਤਰਜਮਾਨੀ ਕਰਦੇ ਆ ਰਹੇ ਹਨ। ਸੱਸ ਨੂੰਹ ਵਾਂਗ ਨਣਦ-ਭਰਜਾਈ ਦੇ ਗੀਤਾਂ ’ਚ ਬਹੁਗਿਣਤੀ ਲੜਾਈ ਝਗੜਿਆਂ ਦੀ ਹੀ ਹੈ। ਜੇਕਰ ਨਣਦ ਦਾ ਛੋਟਾ ਵੀਰਾ ਵਿਆਹਿਆ ਹੋਵੇ ਜਾਂ ਕਈ ਭਰਾਵਾਂ ਦੀ ਇਕੋ ਇਕ ਵੱਡੀ ਜਾਂ ਜਵਾਨ ਭੈਣ ਹੋਵੇ ਤਾਂ ਉਹਦੀ ਘਰ ਵਿੱਚ ਮੁਖ਼ਤਿਆਰੀ ਚਲਦੀ ਹੈ। ਸੱਸ ਸਦਾ ਆਪਣੀ ਧੀ ਦਾ ਪੱਖ ਪੂਰ ਕੇ ਉਹਦਾ ਮਾਣ ਵਧਾਉਂਦੀ ਹੈ। ਦੋਨੋਂ ਬਗਾਨੀ ਧੀ ਨੂੰ ਇਕ ਕਾਮੀ ਸਮਝਦੀਆਂ ਹਨ, ਜਿਸ ਦੇ ਸਦਕਾ ਹਰ ਗਲ ਤੇ ਝਗੜਾ ਸ਼ੁਰੂ ਹੋ ਜਾਂਦਾ ਹੈ।

ਲੜਾਈ ਝਗੜਿਆਂ ਦੀ ਨੌਬਤ ਇਕ ਦਮ ਨਹੀਂ ਆ ਜਾਂਦੀ। ਨਾਲ਼ੇ ਸਾਰੀਆਂ ਨਣਦਾਂ ਲੜਾਕੀਆਂ ਹੀ ਨਹੀਂ ਹੁੰਦੀਆਂ। ਨਣਦਾਂ ਸੁੱਖਾਂ ਸੁਖ ਕੇ ਵੀਰੇ ਦਾ ਵਿਆਹ ਰਚਾਉਂਦੀਆਂ ਹਨ ਅਤੇ ਸਤਿਕਾਰ ਨਾਲ਼ ਭਾਬੋ ਨੂੰ, ਹਸਦੀਆਂ ਟਪਦੀਆਂ ਜੀ ਆਇਆਂ ਨੂੰ ਆਖਦੀਆਂ ਹਨ: -

ਨਿੱਕੇ ਨਿੱਕੇ ਬਾਲਿਆਂ ਦੀ
ਛੱਤ ਮੈਂ ਛਤਾਉਨੀ ਆਂ
ਉੱਚਾ ਰਖਦੀ ਬਾਰ
ਭਾਬੋ ਆ ਬੜ ਨੀ
ਘੁੰਮਦੇ ਲਹਿੰਗੇ ਨਾਲ਼
ਭਾਬੋ ਆ ਬੜ ਨੀ।

ਕੁਆਰੀ ਨਣਦ ਤੇ ਭਾਬੋ ਵਿਸ਼ੇਸ਼ ਕਰਕੇ ਇੱਕੋ ਹਾਣ ਦੀਆਂ ਹੀ ਹੁੰਦੀਆਂ ਹਨ। ਦੋਨਾਂ ਦੇ ਅਰਮਾਨ ਵੀ ਜਵਾਨ ਹੁੰਦੇ ਹਨ। ਜਵਾਨੀ ਦਾ ਇਸ਼ਕ ਟਕੋਰਾਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 83