ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਅਗੋਂ ਭਰਜਾਈ ਆਪਣੇ ਦੁਖ ਦਾ ਇਲਾਜ ਵੀ ਦਸ ਦੇਂਦੀ ਏ:-

ਸਹੁਰਿਆ ਦੇ ਅਰਜ਼ ਕਰੇਨੀ ਆਂ
ਦਰ ਵਿੱਚ ਖੂਹਾ ਲਵਾ
ਮੈਂ ਦੂਰ ਪਾਣੀ ਜਾਨੀ ਆਂ
ਜੇਠਾ ਵੇ ਅਰਜ ਕਰੇਨੀ ਆਂ
ਤ੍ਰਿੰਜਣਾ ’ਚ ਬੋਲੀਆਂ ਨਾ ਮਾਰ
ਮੈਂ ਪੇਕੇ ਉਠ ਜਾਨੀ ਆਂ
ਸੱਸੋ ਨੀ ਇਕ ਅਰਜ ਕਰੇਨੀ ਆਂ
ਭਾਈਏਂ ਗਾਲ ਨਾ ਦੇ
ਮੈਂ ਹੁਣ ਮਰ ਜਾਨੀ ਆਂ
ਦਿਓਰਾ ਵੇ ਇਕ ਅਰਜ ਕਰੇਨੀ ਆਂ
ਮਿਠੀ ਮਿੱਠੀ ਢੋਲਕੀ ਵਜਾ
ਮੈਂ ਹੁਣ ਖਿੜ ਜਾਨੀ ਆਂ

ਇਕ ਗੀਤ ਵਿੱਚ ਦਿਓਰ ਦੇ ਲਿਆਂਦੇ ਹੋਏ ਕਰੇਲੇ ਘਰ ਵਿੱਚ ਫਸਾਦ ਖੜਾ ਕਰ ਦੇਂਦੇ ਹਨ। ਨਣਦ ਭਾਬੋ ਨੂੰ ਘਰੋਂ ਬਾਹਰ ਕਢਵਾ ਦੇਂਦੀ ਹੈ, ਪਰ ਦਿਓਰ ਉਸ ਨੂੰ ਮੁੜ ਘਰ ਲੈ ਆਉਂਦਾ ਹੈ: -

ਮੇਰਾ ਦਿਓਰ ਕਰੇਲੇ ਲਿਆਇਆ ਨੀ
ਲੈ ਛਾਬੇ ਮੈਂ ਪਾਏ ਨੀ
ਮੈਂ ਘਿਓ ਦਾ ਤੜਕਾ ਲਾਇਆ ਨੀ
ਮੈਂ ਰਤੀ ਰਤੀ ਵਰਤਾਏ ਨੀ
ਨਣਦੀ ਨੂੰ ਰਹਿ ਗਏ ਥੋਹੜੇ ਨੀ
ਨਣਦੀ ਨੇ ਸਹੁਰੇ ਕੋਲ ਲਾਈਆਂ ਨੀ
ਸਹੁਰੇ ਨੇ ਸੱਸ ਕੋਲ ਲਾਈਆਂ ਨੀ
ਸਸ ਨੇ ਜੇਠ ਕੋਲ ਲਾਈਆਂ ਨੀ
ਜੇਠ ਨੇ ਵੀਰ ਕੋਲ ਲਾਈਆਂ ਨੀ
ਕੰਤਾਂ ਨੇ ਬਾਹਰ ਕਢਾਈਆਂ ਨੀ
ਦਿਓਰਾ ਨੇ ਮੋੜ ਵਸਾਈਆਂ ਨੀ

ਸੋਹਣੇ ਜਿਹੇ ਦਿਓਰ ਨੂੰ ਧੁਪ ਵਿੱਚ ਖੜਿਆਂ ਵੇਖਕੇ, ਕਿਸੇ ਸੁਹਲ ਜਹੀ ਭਾਬੀ ਦਾ ਕਾਲਜਾ ਮੱਚਣ ਲੱਗ ਜਾਂਦਾ ਹੈ। ਕਿੰਨੀ ਨਾਜ਼ਕ ਖ਼ਿਆਲੀ ਹੈ ਇਨ੍ਹਾਂ ਬੋਲਾਂ ਵਿੱਚ :-

ਦਿਓਰਾ ਤੈਨੂੰ ਧੁਪ ਲਗਦੀ
ਮੱਚੇ ਕਾਲਜਾ ਮੇਰਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 77