ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੈਣੇ ਸਫ਼ਾਂ ਬਛਾਈਆਂ
ਓਹੀ ਸਫ ਉਤੇ ਸੱਸ ਲਟਾਈ
ਭੈਣੇ ਸੱਸ ਲਟਾਈ
ਸੱਸ ਸਪੁੱਤੜੀ ਦੀ ਚਮੜੀ ਉਧੜ ਗਈ
ਭੈਣੇ ਚਮੜੀ ਉੱਧੜ ਗਈ
ਉਹੀ ਚਮੜੀ ਭੈਣੇ ਚਮਾਰ ਮੂਹਰੇ ਸੁੱਟੀ
ਭੈਣੇ ਚਮਾਰ ਮੂਹਰੇ ਸੁੱਟੀ
ਉਸੇ ਚਮੜੀ ਦੀ ਜੁੱਤੀ ਬਣਾਈ
ਭੈਣੇ ਜੁੱਤੀ ਬਣਾਈ
ਓਹੀ ਜੁੱਤੀ ਮੈਂ ਪੈਰਾਂ ਵਿੱਚ ਪਾਈ

ਹੁਣ ਉਹ ਸੱਸ ਦੀ ਕਦੋਂ ਪਰਵਾਹ ਕਰਦੀ ਹੈ: -

ਇੱਕ ਸਾਡੀ ਸੱਸ ਜੀ ਬੁਰੀ
ਸਾਥੋਂ ਬੇਬੇ ਜੀ ਕਹਾਵੇ
ਸਾਥੋਂ ਬੇਬੇ ਆਖਿਆ ਨਾ ਜਾਵੇ
ਸਾਥੋਂ ਬੁੜ੍ਹੀਏ ਨਿਕਲ ਜਾਵੇ
ਪਟਿਆਂ ਨੂੰ ਤੇਲ ਕਿਥੋਂ ਲਾਇਆ ਲਾਲ ਵੇ

ਸੱਸ ਦੇ ਸਤਾਰਾਂ ਕੁੜੀਆਂ
ਮੱਥਾ ਟੇਕਦੀ ਨੂੰ ਬਾਰਾਂ ਬਜ ਜਾਂਦੇ

ਨਿਮ ਦਾ ਕਰਾਦੇ ਘੋਟਣਾ
ਸੱਸ ਕੁੱਟਣੀ ਸੰਦੂਕਾਂ ਓਹਲੇ

ਜੇ ਮੈਂ ਜਾਣਦੀ ਸੱਸੇ ਨੀ ਚੱਜ ਤੇਰੇ
ਤੇਰੀ ਦਿਹਲੀ ਨਾ ਬੜਦੀ

ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਸੱਸ ਬਗਿਆੜੀ ਟੱਕਰੀ

ਸੱਸੇ ਤੇਰੀ ਮਹਿੰ ਮਰ ਜੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 66