ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਹੁਰੀਂ ਬੈਠੀ ਭੈਣ ਨੂੰ ਵੀਰ ਲੈਣ ਆ ਜਾਂਦਾ ਹੈ। ਉਹ ਪੇਕੀਂ ਜਾਣ ਦੀ ਆਗਿਆ ਲੈਣ ਲਈ ਸੱਸ ਪਾਸ ਜਾਂਦੀ ਹੈ, ਅੱਗੋਂ ਟਾਲਾ ਲਾਉਣ ਲਈ ਸਹੁਰੇ ਪਾਸ ਭੇਜ ਦਿੰਦੀ ਹੈ, ਸਹੁਰਾ ਘਰ ਦੇ ਬਾਕੀ ਜੀਆਂ ਪਾਸ। ਨਣਦ ਘਰ ਦੇ ਸਾਰੇ ਕਰਨ ਵਾਲੇ ਕੰਮ ਗਿਣਾ ਦਿੰਦੀ ਹੈ ਤੇ ਵਿਚਾਰੀ ਦਾ ਭਰਾ ਸਖਣਾ ਘਰ ਪਰਤ ਜਾਂਦਾ ਹੈ: -

ਸੱਸੇ ਅਟੇਰਨ ਟੇਰਦੀ ਏ
ਨੀ ਅੱਜ ਘਰ ਆਈਦਾ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਮੈਂ ਜਾਨੀਆਂ ਜੀ ਪਿਓਕੇ

ਮੇਰਾ ਕੀ ਪੁਛਣਾ ਨੂੰਹੇ ਨੀ
ਸਹੁਰੇ ਨੂੰ ਪੁੱਛ ਕੇ ਜਾਈਂ
ਪੁਛਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਸੱਸ ਤੋਂ ਸਤੀ ਹੋਈ ਨੂੰਹ ਆਖਰ ਉਸ ਦੇ ਵਿਰੁੱਧ ਬਗ਼ਾਵਤ ਕਰਨ ਲਈ ਮਜਬੂਰ ਹੋ ਜਾਂਦੀ ਹੈ। ਉਹ ਆਪਣੀ ਕੁਪੱਤੀ ਸੱਸ ਦਾ ਗਿੱਧੇ ਦੇ ਪਿੜ ਵਿੱਚ ਮਖੌਲ ਉਡਾਉਂਦੀ ਹੈ। ਮਖੌਲ ਉਡਾ ਕੇ ਉਹ ਆਪਣੇ ਦਿਲ ਦੇ ਗੁਭ ਗੁਬਾੜ ਕੱਢਦੀ ਹੈ:-

ਸੱਸ ਸੁਪੱਤੜੀ ਨੇ ਭੈਣੇ ਠੋਲ੍ਹਾ ਮਾਰਿਆ
ਓਹੀ ਠੋਲ੍ਹਾ ਭੈਣੇ ਚਾਦਰ ਪੁਰ ਡਿਗ ਪਿਆ
ਓਹੀ ਚਾਦਰ ਭੈਣੇ ਮੈਂ ਧੋਬੀ ਮੂਹਰੇ ਸੁੱਟੀ
ਧੋਬੀ ਸਪੁੱਤੜੇ ਨੇ ਲੀਰ ਲੀਰ ਕਰਤੀ
ਓਹੀ ਲੀਰ ਮੈਂ ਦਰਜੀ ਮੂਹਰੇ ਸਿੱਟੀ।
ਦਰਜੀ ਸਪੁੱਤੜੇ ਦੀ ਸੂਈ ਟੁਟ ਗਈ
ਓਹੀ ਸੂਈ ਮੇਰੀ ਅੱਡੀ ਵਿੱਚ ਲੱਗੀ
ਓਹੀ ਅੱਡੀ ਦਾ ਮੈਲ਼ਾ ਕਢਾਇਆ
ਭੈਣੇ ਮੈਲ਼ਾ ਕਢਾਇਆ
ਓਹੀ ਮੈਲ਼ੇ ਦੀਆਂ ਸਫਾ ਬਛਾਈਆਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 65