ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਰੀਆਂ ਵੀ ਲਿਆਈਂ ਮਾਏਂ
ਕਾਲੀਆਂ ਵੀ ਲਿਆਈਂ ਨੀ
ਦਿਲ ਤੋਂ ਨਾ ਜਾਵੇ ਸਜਨ ਬੇਟੀ ਨੀ

ਸਾਧ ਵੀ ਬਣਜੂੰ ਮਾਏਂ
ਫਕੀਰ ਵੀ ਬਣਜੂੰ ਨੀ
ਏਸ ਦੇਸ ਵਿੱਚ ਨਾ ਆਊਂ
ਮੁੜਕੇ ਫੇਰ ਨੀ

ਹਾਏ! ਮਾਏਂ ਤੇਰਾ ਭਲਾ ਨਾ ਹੋਵੇ
ਜੀਹਨੇ ਸਾਡੀ ਜੋੜੀ ਗੰਵਾਈ ਨੀ।

ਸੱਸ ਵਲੋਂ ਮਾਰੇ ਬੋਲ ਨੂੰਹ ਨੂੰ ਛਾਨਣੀ ਛਾਨਣੀ ਕਰਕੇ ਰੱਖ ਦਿੰਦੇ ਹਨ। ਤਾਹਨਿਆਂ, ਮਿਹਣਿਆਂ ਨਾਲ ਨੂੰਹ ਦੀ ਆਤਮਾ ਲੀਰੋ ਲੀਰ ਹੋ ਜਾਂਦੀ ਹੈ। ਉਹ ਗੀਤ ਦੇ ਬੋਲਾਂ ਦਾ ਆਸਰਾ ਲੈ ਆਪਣਾ ਮਨ ਹੌਲਾ ਕਰਦੀ ਹੈ: -

ਘਿਓ ਵਿੱਚ ਮੈਦਾ ਥੋੜ੍ਹਾ ਪਿਆ
ਸੱਸ ਮੈਨੂੰ ਗਾਲੀਆਂ ਦੇ, ਹੋ
ਨਾ ਦੋ ਸੱਸੇ ਗਾਲੀਆਂ
ਏਥੇ ਮੇਰਾ ਕੌਣ ਸੁਣੇ, ਹੋ
ਪਿਪਲੀ ਉਹਲੇ ਮੇਰੀ ਮਾਤ ਖੜੀ
ਰੋ ਰੋ ਨੈਣ ਪਰੋਵੇ
ਨਾ ਰੋ ਮਾਤਾ ਮੇਰੀਏ
ਧੀਆਂ ਜੰਮੀਆ ਦੇ ਦਰਦ ਬੁਰੇ ਹੋ

ਨੂੰਹ ਆਪਣੇ ਸਰੀਰ ਤੇ ਸੈਆਂ ਦਰਦ ਝਲ ਸਕਦੀ ਹੈ ਪਰ ਉਹ ਆਪਣੇ ਭਰਾਵਾਂ ਨੂੰ ਦਿੱਤੀਆਂ ਗਾਲਾਂ ਸਹਾਰ ਨਹੀਂ ਸਕਦੀ। ਉਹ ਆਪਣੀ ਸੱਸ ਨੂੰ ਕਈ ਵਾਰ ਖਰੀਆਂ ਖਰੀਆਂ ਸੁਣਾਉਣ ਲਈ ਮਜਬੂਰ ਹੋ ਜਾਂਦੀ ਹੈ:

ਇੱਕ ਨਾ ਬੀਜੀਂ ਸਿੰਘਾ ਬਾਜਰਾ
ਮਾਂ ਦਿਆ ਕਾਨ੍ਹ ਚੰਨਾ
ਇੱਕ ਨਾ ਬੀਜੀਂ ਜਵਾਰ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 63