ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਸੱਸੀ ਨੇ ਇਕ ਨਾ ਮੰਨੀ
ਮਾਂ ਤੇਰੀ ਨੇ ਆਖਿਆ
ਦੇਵਾਂ ਨੀ ਤੈਨੂੰ ਧੜੀ ਨੀ ਪੀਹਣ
ਦੁਸੇਰ ਦਵਾਂ ਪੂਣੀਆਂ
ਤੈਂ ਮੇਰੇ ਪੁੱਤ ਧੀ ਪਾਇਆ ਨੀ ਬਖੇੜਾ

ਕਈ ਵਾਰੀ ਮਾਪੇ ਲਾਲਚ ਕਰਕੇ ਜਾਂ ਘਰੇਲੂ ਆਰਥਕ ਤੰਗੀਆਂ ਦੇ ਕਾਰਨ ਆਪਣੀ ਮਲੂਕ ਜਹੀ ਧੀ ਨੂੰ ਕਿਸੇ ਬੁਢੜੇ ਨਾਲ ਵਿਹਾਹੁਣ ਲੱਗੇ ਦਰੇਗ ਨਹੀਂ ਕਰਦੇ। ਇਕ ਕੂੰਜ ਆਪਣੀ ਦਾਸਤਾਨ ਇਸ ਤਰ੍ਹਾਂ ਬਿਆਨਦੀ ਹੈ: -

ਸੋਲਾਂ ਵਰਸ ਦੀ ਹੋ ਗਈ ਜਦ ਮੈਂ
ਚੜ੍ਹੀ ਜਵਾਨੀ ਘੁੰਮ ਘੁਮਾ ਕੇ
ਬਾਬਲ ਮੇਰੇ ਸੋਚਾਂ ਹੋਈਆਂ
ਨਾਨਕਿਆਂ ਘਰ ਬੈਠਾ ਜਾ ਕੇ
ਦੋਵੇਂ ਲੋਭੀ ਹੋ ਗਏ ਇਕੱਠੇ
ਟੋਲਿਆ ਬੁਢੜਾ ਜਾ ਕੇ
ਇਕ ਦਲਾਲ ਤੇ ਦੂਜਾ ਮਾਲਕ
ਲੈ ਗਏ ਦੰਮ ਟੁਣਕਾ ਕੇ
ਬੁਢੜਾ ਤੋਤਾ ਲੋੜੇ ਮਰਨ ਨੂੰ
ਰੱਖੇ ਮੂੰਹ ਚਮਕਾ ਕੇ
ਬਾਬੇ ਮੇਰੇ ਦਾ ਹਾਣੀ ਜਾਪੇ
ਬੈਠਾ ਉਮਰ ਗੰਵਾ ਕੇ
ਬੁਢੜਾ ਤੇ ਇਕ ਅੱਖੋਂ ਕਾਣਾ
ਤੁਰਦਾ ਪੈਰ ਘਸਾ ਕੇ
ਡਰਨ, ਆਉਂਦਾ ਦੇਖ ਨਿਆਣੇ
ਨਸਦੇ ਜੁੱਤੀਆ ਚਾ ਕੇ
ਬੁੱਢੀਆਂ ਨੱਢੀਆਂ ਦੇਖ ਬੁੱਢੇ ਨੂੰ
ਪਰੇ ਹੋਣ ਸ਼ਰਮਾ ਕੇ
ਮਾਪਿਆਂ ਮੇਰਿਆਂ ਨੇ
ਦੁਖੜੇ ਪਾਤੇ ਵਿਆਹ ਕੇ

ਜਦੋਂ ਗੋਰੀ ਸੁਣਦੀ ਹੈ ਕਿ ਉਹਨੂੰ ਬੁਢੜੇ ਦੇ ਲੜ ਲਾਉਣ ਲੱਗੇ ਹਨ ਤਦ ਉਹਨੂੰ ਕੁਝ ਭਾਉਂਦਾ ਨਹੀਂ, ਹਾਰ ਸ਼ਿੰਗਾਰ ਭੁਲ ਜਾਂਦੇ ਹਨ: -

ਕੁੜਤੀ ਨੀ ਰੀਲ ਦੀਏ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 55