ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਪੂ ਵੇ ਬਦਾਮੀ ਰੰਗਿਆ

ਧੀ ਦੇ ਜਨਮ ਤੋਂ ਹੀ ਮਾਂ ਅਤੇ ਧੀ ਦਾ ਪਿਆਰ ਸ਼ੁਰੂ ਹੋ ਜਾਂਦਾ ਹੈ। ਮਾਂ ਦੀਆਂ ਮਿੱਠੀਆਂ ਮਿੱਠੀਆਂ ਲੋਰੀਆਂ ਧੀ ਨੂੰ ਬਚਪਨ ਵਲ ਉਲਾਰਦੀਆਂ ਹਨ। ਧੀ ਹੌਲੇ ਹੌਲੇ ਬੇਧਿਆਨੇ ਹੀ ਬਚਪਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਪਹਿਲੇ ਸਮਿਆਂ ਵਿੱਚ ਧੀ ਦੀ ਜੀਵਨ ਉਸਾਰੀ ਵਲ ਕੋਈ ਵਿਸ਼ੇਸ਼ ਧਿਆਨ ਨਹੀਂ ਸੀ ਦਿੱਤਾ ਜਾਂਦਾ। ਉਹਨਾਂ ਨੂੰ ਬਚਪਨ ਵਿੱਚ ਬਾਪੂ ਲਈ ਭੱਤਾ ਹੀ ਢੋਣਾ ਪੈਂਦਾ ਸੀ:-

ਏਧਰ ਕਣਕਾਂ ਓਧਰ ਕਣਕਾਂ
ਗੱਭੇ ਕਿਆਰੀ ਬਾਥੂ ਦੀ।
ਘਰ ਆ ਬੰਤੋ
ਰੋਟੀ ਲੈ ਜਾ ਬਾਪੂ ਦੀ।

ਰੁੱਖੀਆਂ ਮਿੱਸੀਆਂ ਖਾਂਦੀ ਅਤੇ ਭੱਤਾ ਢੋਂਦੀ ਧੀ ਨੂੰ ਮੁਟਿਆਰ ਹੁੰਦੀ ਤਕ ਬਾਪੂ ਨੂੰ ਫ਼ਿਕਰ ਲਗ ਜਾਂਦਾ ਹੈ। ਵਰ ਦੀ ਭਾਲ ਸ਼ੁਰੂ ਹੋ ਜਾਂਦੀ ਹੈ। ਪੰਜਾਬ ਦੇ ਖੁਲ੍ਹੇ ਡੁਲ੍ਹੇ ਸੁਭਾਵਾਂ ਵਾਲੀ ਧੀ ਆਪਣੀ ਮਨਪਸੰਦ ਆਪਣੇ ਬਾਪ ਅਗੇ ਦਸਣੋਂ ਸੰਗਦੀ ਨਹੀਂ:-

ਉੱਚੀਆਂ ਕੰਧਾਂ ਨੀਵੇਂ ਆਲੇ
ਵਿਆਹ ਦੇ ਬਾਪੂ ਪੱਕੇ ਮੰਦਰੀਂ
ਸਾਨੂੰ ਲਿਪਣੇ ਨਾ ਪੈਣ ਬਨੇਰੇ।
ਉੱਚੀਆਂ ਕੰਧਾਂ ਨੀਵੇਂ ਆਲੇ
ਵਿਆਹ ਦੇ ਬਾਪੂ ਕੱਛ ਵਾਲੇ ਨੂੰ
ਸਾਨੂੰ ਮੰਨਣੇ ਨਾ ਪੈਣ ਜਠੇਰੇ।

ਵਰ ਗੋਰਾ ਵੀ ਹੋਵੇ:-

ਵਰ ਟੋਲਣ ਚੱਲਿਆ ਪਿਓ ਮੇਰਿਆ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/18