ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੇ ਠਹਿਰਨਾ ਹੋਇਆ। ਘੜਾ ਅੱਧ ਵਿਚਕਾਰ ਹੀ ਖੁਰ ਗਿਆ ਤੇ ਸੋਹਣੀ ਆਪਣੀ ਵਫ਼ਾ ਨਭਾਉਂਦੀ ਹੋਈ ਆਪਣੀ ਲਾਜ ਪਾਲ ਗਈ -

ਕੱਚੇ ਘੜੇ ਨੇ ਖੈਰ ਨਾ ਕੀਤੀ
ਡ੍ਹਾਢਾ ਜ਼ੁਲਮ ਕਮਾਇਆ
ਜਿੱਥੇ ਸੋਹਣੀ ਡੁੱਬ ਕੇ ਮਰੀ
ਉੱਥੇ ਮੱਛੀਆਂ ਨੇ ਘੇਰਾ ਪਾਇਆ

ਜਿਸ ਸਿਦਕ ਦਿਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਦੇ ਸਦਕੇ ਅੱਜ ਸਦੀਆਂ ਬੀਤਣ ਮਗਰੋਂ ਵੀ ਸੋਹਣੀ ਦੀ ਆਤਮਾ ਨੂੰ ਅੱਜ ਦੀ ਲੋਕ ਆਤਮਾ ਪਰਨਾਮ ਕਰਦੀ ਹੈ ਅਤੇ ਸਿਜਦੇ ਵਿੱਚ ਸਿਰ ਝੁਕਾਉਂਦੀ ਹੈ:

ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ
ਵਿੱਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰਹ ਤਰਦੀ

ਸ਼ਾਲਾ! ਜੁਗ ਜੁੱਗ ਜਿਉਣ ਸਾਡੀਆਂ ਸੋਹਣੀਆਂ ਤੇ ਜਵਾਨੀਆਂ ਮਾਨਣ ਸਾਡੇ ਮਹੀਂਵਾਲ!

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 184