ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/180

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉੱਠੀਂ ਉੱਠੀ ਭਾਬੋ ਜੋਗੀ ਖੈਰ ਪਾ ਦੇ
ਜੋਗੀ ਖੜਿਆਂ ਨੂੰ ਰੈਣ ਬਤੀਤ ਗਈ
ਆਪ ਚੌਲ ਖਾਵੇਂ ਸਾਨੂੰ ਚੀਣਾ ਪਾਵੇਂ
ਸਾਡੀ ਡਾਹਡੇ ਅੱਗੇ ਫਰਿਆਦ ਹੋਵੇ
ਚੀਣਾ ਡੁਲ੍ਹ ਗਿਆ ਤੂੰਬੀ ਫੁਟ ਗਈ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ
ਤੈਨੂੰ ਕੀ ਹੋਇਆ ਭਾਬੋ ਕੀ ਹੋਇਆ
ਤੇਰਾ ਰੰਗ ਅਸਮਾਨੀ ਜਰਦ ਹੋਇਆ
ਮੇਰੇ ਨਾਗ ਲੜਿਆ ਨੀ ਨਣਦੇ ਨਾਗ ਲੜਿਆ
ਡੰਗ ਮਾਰ ਬਾਗੀਂ ਜਾ ਨੀ ਬੜਿਆ।
ਚਲ ਚਲ ਨੀ ਭਾਬੋ ਉਸ ਜੋਗੀ ਕੋਲੇ
ਟਾਹਣੀ ਉਸ ਜੋਗੀ ਕੋਲੋਂ ਕਰਵਾ ਲਈਏ ਨੀ
ਉੱਠੀਂ ਉੱਠੀਂ ਜੋਗੀ ਕੁੰਡਾ ਖੋਹਲ ਸਾਨੂੰ
ਖੜਿਆਂ ਨੂੰ ਰੈਣ ਵਿਹਾ ਗਈ।
ਸਾਡਾ ਹਾਰ ਟੁੱਟਿਆ ਜੀ ਸੁੱਚੇ ਮੋਤੀਆਂ ਦਾ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ।

ਗੋਰੀ ਹੀਰ ਅਤੇ ਉਸ ਦੀ ਨਣਾਨ ਸਹਿਤੀ ਦੇ ਜੋਗੀ ਨੂੰ ਮਿਲਣ ਦੇ ਵਿਰਤਾਂਤ ਨੂੰ ਚਿਤਰਦੀ ਹੋਈ ਆਪਣੇ ਦਿਲ ਦੇ ਜਾਨੀ ਦਾ ਵਰਣਨ ਬੜੀਆਂ ਲਟਕਾਂ ਨਾਲ ਕਰ ਜਾਂਦੀ ਹੈ। ਇਹ ਬੜਾ ਹਰਮਨ ਪਿਆਰਾ ਗੀਤ ਹੈ ਸਾਡੀਆਂ ਪੰਜਾਬਣਾਂ ਦਾ:

ਅੰਬਾ ਤੇ ਤੂਤੀਂ ਠੰਡੀ ਛਾਂ
ਕੋਈ ਪਰਦੇਸੀ ਜੋਗੀ ਆਣ ਲੱਥੇ
ਚਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਕਿੱਥੇ ਰੱਖਾਂ ਨਣਦੇ ਡੋਲ ਨੀ
ਕਿੱਥੇ ਤਾਂ ਖੜਕੇ ਜੋਗੀ ਦੇਖੀਏ ਨੀ
ਨੀਵੇਂ ਤਾਂ ਧਰਦੇ ਭਾਬੋ ਡੋਲ ਨੀ।
ਉੱਚੇ ਤਾਂ ਖੜਕੇ ਜੋਗੀ ਦੇਖੀਏ ਨੀ
ਇਸ ਜੋਗੀ ਤੇ ਲੰਬੇ ਲੰਬੇ ਕੇਸ ਨੀ
ਦਹੀਓਂ ਕਟੋਰੇ ਜੋਗੀ ਨਹਾਂਵਦਾ ਨੀ
ਇਸ ਜੋਗੀ ਦੇ ਚਿੱਟੇ ਚਿੱਟੇ ਦੰਦ ਨੀ
ਦਾਤਣ ਤੇ ਕੁਰਲੀ ਜੋਗੀ ਕਰ ਰਿਹਾ ਸੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 176