ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/177

ਇਹ ਸਫ਼ਾ ਪ੍ਰਮਾਣਿਤ ਹੈ

ਹੀਰ ਰਾਂਝੇ ਦੀ ਪੀੜਾ ਨੂੰ ਸਮਝਦੀ ਹੋਈ ਆਪਣੇ ਮਾਂ ਬਾਪ ਅਤੇ ਧਰਮ ਰੱਖਿਅਕ ਕਾਜ਼ੀ ਨਾਲ ਵੀ ਆਪਣਾ ਰਾਂਝਾ ਪ੍ਰਾਪਤ ਕਰਨ ਲਈ ਝਗੜਦੀ ਹੈ: -

ਛਣਕ ਛਣਕ ਦੋ ਛੱਲੇ ਕਰਾਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕਦਾ
ਘਰ ਆਈ ਨੂੰ ਅੰਮਾ
ਵਿੱਚ ਕਚਹਿਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿੱਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿੱਚ ਗਲੀਆਂ ਦੇ ਰੰਨਾ
ਏਹਨੀ ਓਹਨੀ ਦੋਹੀਂ ਜਹਾਨੀਂ
ਮੈਂ ਤਾਂ ਖ਼ੈਰ ਰਾਂਝੇ ਦੀ ਮੰਗਾਂ
ਜੇ ਜਾਣਾ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ।

ਹੀਰ ਰਾਂਝੇ ਦੀ ਖੈਰ ਮੰਗਦੀ ਰਹਿ ਜਾਂਦੀ ਹੈ। ਉਹਦਾ ਜ਼ੋਰੀਂ ਸੈਦੇ ਖੋੜੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ:-

ਅੱਜ ਹੋਗੀ ਹੀਰ ਪਰਾਈ
ਕੁੜੀਆਂ ਨੂੰ ਲੈ ਜੋ ਮੋੜ ਕੇ

ਖੇੜੇ ਹੀਰ ਲੈ ਜਾਂਦੇ ਹਨ ਅਤੇ ਵਿਚਾਰਾ ਰਾਂਝਾ ਮੱਝਾਂ ਚਰਾਂਦਾ ਰਹਿ ਜਾਂਦਾ ਹੈ:-

ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜ ਰੋਵੇ
ਖੇੜੇ ਲੈਗੇ ਹੀਰ ਚੁੱਕ ਕੇ
ਅਤੇ
ਬੀਨ ਬਜਾਈ ਰਾਂਝੇ ਚਾਕ
ਲੱਗੀ ਮੰਨ ਮੇਰੇ
ਤਖਤ ਹਜ਼ਾਰੇ ਦਿਆ ਮਾਲਕਾ
ਕਿਥੇ ਲਾਏ ਨੀ ਡੇਰੇ
ਕਿਨ ਵੇ ਬਣਾਇਆ ਲਾੜਾ ਜੰਜਾਂ ਦਾ
ਕਿਨ ਬੱਧੇ ਸਿਹਰੇ
ਮਾਂ ਬਣਾਇਆ ਲਾੜਾ ਜੰਜਾਂ ਦਾ
ਭੈਣ ਬੱਧੇ ਸਿਹਰੇ
ਕੱਢ ਖਾਂ ਪਾਂਧਿਆ ਪੱਤਰੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 173