ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਿਗ ਪਿਆ। ਭਰਾ ਬੜਾ ਪਛਤਾਏ। ਉਹ ਕੁੜੀ ਆਪਣੇ ਪਤੀ ਦੀਆਂ ਸੂਈਆਂ ਸਾਰਾ ਸਾਲ ਕਢਦੀ ਰਹੀ। ਅਗਲੇ ਸਾਲ ਫੇਰ ਕਰੂਏ ਦਾ ਵਰਤ ਆਇਆ। ਕੁੜੀ ਨੇ ਵਰਤ ਪੂਰਾ ਰੱਖਿਆ ਤਾਂ ਜਾ ਕੇ ਉਹਦੇ ਪਤੀ ਨੂੰ ਹੋਸ਼ ਆਈ। "ਵਰਤ ਦੀ ਮਹੱਤਤਾ ਬਾਰੇ ਹੋਰ ਵੀ ਕਈ ਕਹਾਣੀਆਂ ਪ੍ਰਚੱਲਤ ਹਨ।

ਨਵ-ਵਿਆਹੀਆਂ ਕੁੜੀਆਂ ਤੋਂ ਉਪਰੰਤ ਦੂਜੀਆਂ ਸੁਆਣੀਆਂ ਆਪ ਹੀ ਪੂਰੀਆਂ ਕੜਾਹ ਆਦਿ ਤਿਆਰ ਕਰਕੇ ਵਰਤ ਰੱਖਦੀਆਂ ਹਨ। ਕੁਆਰੀਆਂ ਕੁੜੀਆਂ ਵੀ ਆਪਣੀਆਂ ਮਾਵਾਂ, ਭੈਣਾਂ ਤੇ ਭਾਬੀਆਂ ਨਾਲ ਵਰਤ ਰੱਖ ਲੈਂਦੀਆਂ ਹਨ।

ਵਰਤਣਾ ਕੋਈ ਨਿੱਤ ਦਾ ਕੰਮ ਨਹੀਂ ਕਰਦੀਆਂ। ਉਹ ਆਪਣਾ ਵਿਹਲਾ ਸਮਾਂ ਬਿਤਾਉਣ ਲਈ ਆਪਣੀਆਂ ਸੁੰਦਰ ਪੁਸ਼ਾਕਾਂ ਅਤੇ ਗਹਿਣੇ ਪਾ ਕੇ ਇੱਕਠੀਆਂ ਹੋ ਕੇ ਬਾਹਰ ਖੇਤਾਂ ਵਿੱਚ ਚਲੀਆਂ ਜਾਂਦੀਆਂ ਹਨ। ਉਥੇ ਉਹ ਨੱਚਦੀਆਂ ਟੱਪਦੀਆਂ ਅਤੇ ਗਿੱਧਾ ਪਾਉਂਦੀਆਂ ਹਨ। ਸੂਰਜ ਛਿਪਣ ਤੋਂ ਪਹਿਲਾਂ ਉਹ ਘਰ ਪਰਤ ਆਉਂਦੀਆਂ ਹਨ ਅਤੇ ਸੂਰਜ ਛਿਪਣ ਤੋਂ ਪਹਿਲਾਂ ਗਲੀ ਗੁਆਂਢ ਦੀਆਂ ਸੁਆਣੀਆਂ ਇੱਕਠੀਆਂ ਹੋ ਕੇ ਕਰੂਏ ਵਟਾਉਂਦੀਆਂ ਹਨ:-

ਕਰੂਏ ਵਟਾਉਂਦੀਆਂ ਹੋਈਆਂ ਨਾਲੋ ਨਾਲ ਇਹ ਗੀਤ ਗਾਉਂਦੀਆਂ ਹਨ:-

ਲੈ ਭਾਈਆਂ ਦੀ ਭੈਣ ਕਰਵੜਾ
ਲੈ ਸਰਬ ਸੁਹਾਗਣ ਕਰਵੜਾ
ਕਰਵੜਾ ਵਟਾਇਆ
ਜੀਂਵਦਾ ਝੋਲੀ ਪਾਇਆ
ਕੱਤੀਂ ਨਾ ਅਟੇਰੀਂ ਨਾ
ਝੁੰਮ ਚਰਖੜਾ ਫੇਰੀਂ ਨਾ
ਵਾਹਣ ਪੈਰ ਪਾਈਂ ਨਾ
ਸੁੱਤੇ ਨੂੰ ਜਗਾਈਂ ਨਾ

ਜਿਹਨਾਂ ਕੁਆਰੀਆਂ ਕੁੜੀਆਂ ਨੇ ਵਰਤ ਰੱਖਿਆ ਹੁੰਦਾ ਹੈ,ਉਹ ਕਰੂਏ ਕਪਾਹ ਅਤੇ ਅਨਾਜ ਦੇ ਭਰਕੇ ਬ੍ਰਾਹਮਣ ਦੇ ਘਰ ਦੇ ਆਉਂਦੀਆਂ ਹਨ ਤੇ ਤਾਰਾ ਚੜ੍ਹੇ ਤੇ ਵਰਤ ਖੋਹਲਦੀਆਂ ਹਨ।

ਸਾਰਾ ਦਿਨ ਹੱਸਣ ਕਰਕੇ ਵਰਤਣਾ ਦੀ ਭੁੱਖ ਚਮਕ ਪੈਂਦੀ ਹੈ ਤੇ ਉਹ ਚੰਦ ਚੜ੍ਹਨ ਦੀ ਉਡੀਕ ਵਿੱਚ ਕੋਠਿਆਂ ਤੇ ਜਾ ਚੜ੍ਹਦੀਆਂ ਹਨ। ਚੰਦ ਗੋਡੀ ਮਾਰਕੇ ਚੜ੍ਹਦਾ ਹੈ .... ਐਨਾ ਸਮਾ ਕੌਣ ਉਡੀਕ ਕਰੇ .... ਸਾਰਿਆਂ ਕੋਠਿਆਂ ਤੋਂ ਹੇਕਾਂ ਵਾਲੇ ਗੀਤਾਂ ਦੇ ਬੋਲ ਉਭਰਦੇ ਹਨ.... ਵੀਰ ਪਿਆਰ ਡੁਲ੍ਹ ਡੁਲ੍ਹ ਪੈਂਦਾ ਹੈ:

ਚੰਨ ਚੜਿਆ ਮਾਏਂ
ਇਹਨਾਂ ਕਿੱਕਰਾਂ ਦੇ ਸਿਖਰੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/159