ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਫੇਰ ਸਾਰਾ ਦਿਨ ਕੁਝ ਵੀ ਨਹੀਂ ਖਾਂਦੀਆਂ ਤੇ ਰਾਤ ਨੂੰ ਚੰਦ ਚੜ੍ਹੇ ਤੇ ਹੀ ਵਰਤ ਖੋਲ੍ਹਿਆ ਜਾਂਦਾ ਹੈ।

ਪੰਜਾਬ ਦੇ ਪਿੰਡਾਂ ਵਿੱਚ ਇਹ ਤਿਉਹਾਰ ਬੜੇ ਰੌਚਕ ਢੰਗ ਨਾਲ ਮਨਾਇਆ ਜਾਂਦਾ ਹੈ। ਨਵੀਆਂ ਵਿਆਹੀਆਂ ਦਾ ਤਾਂ ਚਾਅ ਝੱਲਿਆ ਨਹੀਂ ਜਾਂਦਾ। ਜੇ ਵਿਆਹੀ ਕੁੜੀ ਸਹੁਰੀਂ ਹੋਵੇ ਤਾਂ ਉਹਦੇ ਲਈ ਉਹਦੇ ਮਾਪੇ ਪੂਰੀਆਂ, ਕੜਾਹ, ਸੂਟ ਅਤੇ ਕੋਈ ਬਰਤਨ ਲੈ ਕੇ ਆਉਂਦੇ ਹਨ। ਸੱਸ ਤੇ ਪਤੀ ਲਈ ਵੱਖਰੇ ਬਸਤਰ ਹੁੰਦੇ ਹਨ। ਜੇਕਰ ਕੁੜੀ ਪੇਕੀਂ ਹੋਵੇ ਤਾਂ ਸਹੁਰੇ ਉਹਦੇ ਲਈ ਸਰਘੀ ਲੈ ਕੇ ਜਾਂਦੇ ਹਨ।

ਸਰਘੀ ਆਮ ਕਰਕੇ ਵਿਆਹੀ ਕੁੜੀ ਦੀ ਸੱਸ, ਨਣਦ ਜਾਂ ਸਹੁਰੇ ਪਰਿਵਾਰ ਦਾ ਕੋਈ ਹੋਰ ਜੀਅ ਲੈ ਕੇ ਜਾਂਦਾ ਹੈ। ਨਾਲ ਨਾਈ ਹੁੰਦਾ ਹੈ। ਕਰੂਆਂ ਤੋਂ ਪਹਿਲੀ ਆਥਣ ਨੂੰ ਸਰਘੀਆਂ ਵਾਲੇ ਪਿੱਤਲ ਦੀਆਂ ਬਾਲਟੀਆਂ ਵਿੱਚ ਕੜਾਹ ਪੂਰੀਆਂ ਲਈ ਜਾਂਦੇ ਆਮ ਨਜ਼ਰੀਂ ਪੈਂਦੇ ਹਨ। ਉਹ ਪਿੰਡ ਪਿੰਡ ਨਵੀਆਂ ਵਿਆਹੀਆਂ ਦੇ ਘਰ ਪੁਛਦੇ ਹਨ:-

ਘਰ ਪੁਛਦੇ ਸਰਘੀਆਂ ਵਾਲੇ
ਨਵੀਆਂ ਵਿਆਹੀਆਂ ਦੇ

ਸਰਘੀ ਵਿੱਚ ਪੂਰੀਆਂ ਕੜਾਹ, ਮਠਿਆਈ, ਸੂਟ ਤੇ ਉਹਦੇ ਲਈ ਕੋਈ ਸੋਨੇ ਦੀ ਟੂਮ ਹੁੰਦੀ ਹੈ। ਸਜ-ਵਿਆਹੀਆਂ ਮੁਟਿਆਰਾਂ ਪੇਕਿਆਂ ਜਾਂ ਸਹੁਰਿਆਂ ਤੋਂ ਆਈ ਸਮੱਗਰੀ ਖਾ ਕੇ ਵਰਤ ਰੱਖਦੀਆਂ ਹਨ। ਇਸ ਵਰਤ ਨੂੰ ਤੋੜਨਾ ਅਪਸ਼ਗਨ ਸਮਝਿਆ ਜਾਂਦਾ ਹੈ। ਕਹਿੰਦੇ ਹਨ ਕਿ ਜੇ ਵਰਤ ਟੁਟ ਜਾਵੇ ਤਾਂ ਇਸ ਦਾ ਭੈੜਾ ਅਸਰ ਉਹਦੇ ਸਿਰ ਦੇ ਸਾਈਂ ਤੇ ਪੈਂਦਾ ਹੈ। ਵਰਤ ਦੇ ਤੋੜੇ ਜਾਣ ਬਾਰੇ ਇੱਕ ਰਵਾਇਤ ਹੈ। ਇੱਕ ਰਾਜੇ ਦੇ ਸੱਤ ਪੁੱਤ ਸਨ ਤੇ ਇੱਕ ਧੀ ਸੀ। ਉਹ ਕੁੜੀ ਆਪਣੇ ਭਰਾਵਾਂ ਨੂੰ ਬਹੁਤ ਪਿਆਰ ਕਰਦੀ ਸੀ ਤੇ ਭਰਾ ਵੀ ਉਹਨੂੰ ਪਿਆਰ ਸਨ ਤੇ ਉਹਦੇ ਬਿਨਾਂ ਰੋਟੀ ਨਹੀਂ ਸੀ ਖਾਂਦੇ। ਕੁੜੀ ਵਿਆਹੀ ਗਈ। ਉਹਨੇ ਪਹਿਲਾਂ ਕਰੂਏ ਦਾ ਵਰਤ ਰੱਖਿਆ। ਕੁੜੀ ਮਲੂਕ ਜਹੀ ਸੀ ਉਹਦੇ ਪਾਸੋਂ ਭੁੱਖ ਸਹਾਰੀ ਨਾ ਜਾਵੇ। ਉਹਦੇ ਭਰਾਵਾਂ ਕੋਲੋਂ ਉਹਦੀ ਇਹ ਹਾਲਤ ਝੱਲੀ ਨਾ ਗਈ। ਚੰਦ ਚੜ੍ਹਨ ’ਚ ਅਜੇ ਕਾਫੀ ਦੇਰ ਸੀ। ਉਹਦੇ ਭਰਾਵਾਂ ਨੇ ਉਹਨੂੰ ਆਖਿਆ ਕਿ ਉਹ ਰੋਟੀ ਖਾ ਲਵੇ। ਉਹ ਕਹਿਣ ਲੱਗੀ, " ਚੰਦ ਚੜ੍ਹੇ ਤੋਂ ਹੀ ਖਾਵਾਂਗੀ। ਆਖਰ ਉਹਦੇ ਭਰਾਵਾਂ ਨੇ ਝੂਠੀ ਮੂਠੀ ਚੰਦ ਚੜਾਉਣ ਦੀ ਤਰਕੀਬ ਬਣਾ ਲਈ। ਦੋ ਭਰਾ ਪਿੰਡ ਤੋਂ ਕਾਫੀ ਦੂਰ ਇੱਕ ਦਰੱਖਤ ਉਤੇ ਜਾ ਚੜ੍ਹੇ ਤੇ ਪੂਲੀ ਨੂੰ ਅੱਗ ਲਾ ਦਿੱਤੀ। ਦੂਜੇ ਭਰਾਵਾਂ ਨੇ ਆਪਣੀ ਭੈਣ ਨੂੰ ਕੋਠੇ ਤੇ ਚੜ੍ਹਾ ਕੇ ਆਖਿਆ, "ਔਹ ਵੇਖ ਚੰਦ ਚੜ੍ਹ ਪਿਐ।" ਕੁੜੀ ਨੇ ਸੱਚੀ ਮੁੱਚੀ ਦਾ ਚੰਦ ਚੜਿਆ ਸਮਝ ਕੇ ਆਪਣਾ ਵਰਤ ਤੋੜ ਲਿਆ। ਉਹਦੇ ਵਰਤ ਤੋੜਨ ਦੀ ਦੇਰ ਸੀ ਕਿ ਕੁੜੀ ਦੇ ਪਤੀ ਦੇ ਲੂੰ ਸੂਈਆਂ ਬਣਕੇ ਉਹਦੇ ਸਰੀਰ ਵਿੱਚ ਚੁੱਭ ਗਏ ਤੇ ਉਹ ਬੇਹੋਸ਼ ਹੋ ਕੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 158