ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/161

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੂਏ ਦੇ ਵਰਤ

‘ਕਰੂਏ ਦੇ ਵਰਤ’ ਪੰਜਾਬ ਦੀਆਂ ਮੁਟਿਆਰਾਂ ਦਾ ਬੜਾ ਹਰਮਨ ਪਿਆਰਾ ਤਿਉਹਾਰ ਹੈ। ਇਸ ਨੂੰ 'ਕਰਵਾ ਚੌਥ' ਵੀ ਆਖਦੇ ਹਨ। ਨਵ-ਵਿਆਹੀਆਂ ਮੁੱਟਿਆਰਾਂ ਇਸ ਤਿਉਹਾਰ ਨੂੰ ਬੜਿਆਂ ਚਾਵਾਂ ਨਾਲ ਮਨਾਉਂਦੀਆਂ ਹਨ। ਕੱਤਕ ਮਹੀਨੇ ਦੇ ਪਿਛਲੇ ਪਖ ਦੀ ਚੌਥ ਨੂੰ ਕਰੂਏ ਦੇ ਵਰਤ ਰੱਖੇ ਜਾਂਦੇ ਹਨ। ਅਣਲੱਗ ਕੁੱਜੇ ਨੂੰ ਕਰੂਆ ਕਹਿੰਦੇ ਹਨ। ਹਰ ਵਿਆਹੀ ਕੁੜੀ ਚਾਹੁੰਦੀ ਹੈ ਕਿ ਉਹ ਪੇਕੀਂ ਜਾ ਕੇ ਵਰਤ ਰੱਖੇ। ਇਸੇ ਲਈ ਤਾਂ ਉਹ ਆਪਣੇ ਭਰਾ ਨੂੰ ਤਾੜਨਾ ਕਰਦੀ ਹੈ:-

ਗੱਡੀ ਜੋੜ ਕੇ ਮੰਗਾ ਨੀਂ ਮੇਰੇ ਵੀਰਨਾ
ਕਰੂਆਂ ਦੇ ਵਰਤਾਂ ਨੂੰ

ਕਿਸੇ ਕਾਰਨ ਵਸ ਉਹ ਆਪਣੀ ਭੈਣ ਨੂੰ ਵਰਤਾਂ ਨੂੰ ਲੈ ਜਾ ਨਹੀਂ ਸਕਦਾ। ਉਸ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦ ਉਸ ਦਾ ਭਰਾ ਉਸ ਨੂੰ ਮਿਲਣ ਆਉਂਦਾ ਹੈ ਤਾਂ ਉਹ ਵਰਤਾਂ ਨੂੰ ਨਾ ਲਜਾਏ ਜਾਣ ਤੇ ਉਲਾਂਭਾ ਦੇਂਦੀ ਹੈ:-

ਕਰੂਆਂ ਦੇ ਵਰਤ ਗਏ
ਕਾਹਨੂੰ ਆਇਐਂ ਬਸ਼ਰਮਾ ਵੀਰਾ

ਕਈ ਸੱਸਾਂ ਤਾਹਨੇ ਮਾਰਨੋਂ ਨਹੀਂ ਖੁੰਝਦੀਆਂ। ਆਪਣੀ ਨੂੰਹ ਦੇ ਬਹੁਤੇ ਭਰਾਵਾਂ ਦੇ ਮਾਣ ਨੂੰ ਵੀ ਸੱਟ ਮਾਰਦੀਆਂ ਹਨ:-

ਬਹੁਤਿਆਂ ਭਰਾਵਾਂ ਵਾਲੀਏ
ਤੈਨੂੰ ਕਰੂਆਂ ਨੂੰ ਲੈਣ ਨਾ ਆਏ

ਪਰ ਅੱਗੋਂ ਭੈਣ ਆਪਣੇ ਭਰਾਵਾਂ ਦਾ ਹੰਮਾ ਰਖਦੀ ਹੋਈ ਸੱਸ ਦੇ ਸੁਭਾਅ ਤੇ ਟਕੋਰ ਮਾਰਦੀ ਹੈ:-

ਸੱਸੀਏ ਬੜੇਵੇਂ ਅੱਖੀਏ
ਤੈਥੋਂ ਡਰਦੇ ਲੈਣ ਨਾ ਆਏ।

ਵਰਤ ਆਪਣੇ ਸਿਰ ਦੇ ਸਾਈਂ ਦੀ ਸਲਾਮਤੀ ਲਈ ਰੱਖੇ ਜਾਂਦੇ ਹਨ। ਇਸ ਦਿਨ ਸਵੇਰੇ ਤੜਕਸਾਰ ਔਰਤਾਂ ਪੂਰੀਆਂ ਤੇ ਕੜਾਹ ਦਾ ਸੇਵਨ ਕਰਦੀਆਂ ਹਨ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 157