ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁੜ ਦੀਆਂ ਰੋੜੀਆਂ ਸੀ
ਭਰਾਵਾਂ ਜੋੜੀਆਂ ਸੀ।

ਲੋਹੜੀ ਵਿੱਚ ਬੱਚੇ ਵਧ ਚੜ੍ਹ ਕੇ ਭਾਗ ਲੈਂਦੇ ਹਨ। ਜਿਧਰ ਵੀ ਵੇਖੋ ਬੱਚਿਆਂ ਦੀਆਂ ਟੋਲੀਆਂ ਗੀਤ ਗਾਉਂਦੀਆਂ ਫਿਰਦੀਆਂ ਹਨ। ਵਧਾਈਆਂ ਦੇ ਗੁੜ ਤੋਂ ਬਿਨਾਂ ਬੱਚੇ ਭੂਤ ਪਿੰਨੇ, ਰਿਉੜੀਆਂ, ਤਲੂਏਂ, ਬੱਕਲੀਆਂ, ਦਾਣੇ ਤੇ ਪਾਥੀਆਂ ਘਰ ਜਾ ਜਾ ਕੇ ਗੀਤ ਗਾਉਂਦੇ ਹੋਏ ਮੰਗਦੇ ਹਨ। ਬੱਚੇ ਬੜੇ ਚਾਅ ਨਾਲ ਗੀਤ ਗਾਉਂਦੇ ਹਨ। ਦਿਨ ਖੜੇ ਹੀ ਲੋਹੜੀ ਮੰਗ ਰਹੇ ਬੱਚਿਆਂ ਦੀਆਂ ਆਵਾਜਾਂ ਸੁਣਾਈ ਦੇਣ ਲਗਦੀਆਂ ਹਨ। ਕੁੜੀਆਂ ਦੀਆਂ ਵੱਖਰੀਆਂ ਵੱਖਰੀਆਂ ਟੋਲੀਆਂ ਹੁੰਦੀਆਂ ਹਨ। ਕਈਆਂ ਨੇ ਚੁੰਨੀਆਂ ਤੇ ਪਰਨਿਆਂ ਨੂੰ ਗੱਠਾਂ ਦੇ ਕੇ ਝੋਲੇ ਬਣਾਏ ਹੁੰਦੇ ਹਨ। ਮੰਗਣ ਵਾਲੇ ਬੱਚਿਆਂ ਵਿੱਚ ਛੋਟੇ ਵੱਡੇ ਘਰਾਂ ਦਾ ਕੋਈ ਵਿਤਕਰਾ ਨਹੀਂ ਹੁੰਦਾ ਨਾ ਹੀ ਜਾਤ ਪਾਤ ਦਾ ਕੋਈ ਭੇਦ ਭਾਵ ਹੁੰਦਾ ਹੈ। ਬੱਚੇ ਸਮੂਹਕ ਰੂਪ ਵਿੱਚ ਹੀ ਗੀਤ ਗਾਉਂਦੇ ਹਨ। ਮੁੰਡਿਆਂ ਦੇ ਗੀਤਾਂ ਦਾ ਕੁੜੀਆਂ ਦੇ ਗੀਤਾਂ ਨਾਲੋਂ ਕੁਝ ਫਰਕ ਹੁੰਦਾ ਹੈ ਤੇ ਉਹਨਾ ਦੇ ਗੀਤ ਗਾਉਣ ਦਾ ਢੰਗ ਵੀ ਕੁਝ ਵਖਰਾ ਹੁੰਦਾ ਹੈ। ਮੁੰਡੇ ਰੌਲਾ ਰੱਪਾ ਬਹੁਤਾ ਪਾਉਂਦੇ ਹਨ ਤੇ ਕੁੜੀਆਂ ਬੜੇ ਸਲੀਕੇ ਨਾਲ ਗੀਤ ਗਾਉਂਦੀਆਂ ਹਨ। ਵੱਡੀਆਂ ਕੁੜੀਆਂ ਤੇ ਸੁਆਣੀਆਂ ਇੱਕਠੀਆਂ ਹੋ ਕੇ ਵਧਾਈ ਵਾਲੇ ਘਰ ਜਾ ਕੇ ਗੁੜ ਦੀ ਭੇਲੀ ਮੰਗਦੀਆਂ ਹਨ। ਉਹ ਘਰ ਦੇ ਦਲਾਨ ਵਿੱਚ ਜਾ ਕੇ ਗਿੱਧਾ ਪਾਉਂਦੀਆਂ ਹਨ। ਖੂਬ ਨੱਚਦੀਆਂ ਹਨ। ਗਿੱਧੇ ਵਿੱਚ ਵਧੇਰੇ ਕਰਕੇ ਵੀਰ ਪਿਆਰ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ :

ਵੀਰ ਘਰ ਪੁੱਤ ਜੰਮਿਆ
ਚੰਨ ਚੜਿਆ ਬਾਪ ਦੇ ਖੇੜੇ

ਚੱਕ ਕੇ ਭਤੀਜੇ ਨੂੰ
ਵੇ ਮੈਂ ਬਿਨ ਪੌੜੀ ਚੜ ਜਾਵਾਂ

ਵੀਰਾ ਵੇ ਬੁਲਾ ਸੁਹਣਿਆਂ
ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ

ਮੁੰਡੇ ਆਪਣੀ ਭੇਲੀ ਮੰਗਦੇ ਹਨ। ਇਸ ਮਗਰੋਂ ਸਥ ਵਿੱਚ ਸਾਰੀਆਂ ਭੇਲੀਆਂ ਕੱਠੀਆਂ ਕਰਕੇ ਗੁੜ ਦੀਆਂ ਰੋੜੀਆਂ ਬਣਾ ਲਈਆਂ ਜਾਂਦੀਆਂ ਹਨ ਤੇ ਇਸ ਮਗਰੋਂ ਸਾਂਝੀਆਂ ਵਧਾਈਆਂ ਦਾ ਗੁੜ ਸਭ ਨੂੰ ਇਕੋ ਜਿਹਾ ਵਰਤਾ ਦਿੱਤਾ ਜਾਂਦਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 155