ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/155

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕੀ ਉਹਦੀ ਯਾਦ ਨੂੰ ਸੁਲਗਾ ਸੁਲਗਾ ਕੇ ਯਾਦ ਕਰਦੇ ਹਨ।

ਪੰਜਾਬ ਵਿੱਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿੱਚ ਸੁੰਦਰ ਮੁੰਦਰੀਏ ਨਾਂ ਦਾ ਇਕ ਲੋਕ ਗੀਤ ਬੜਾ ਪ੍ਰਸਿਧ ਹੈ ਜੋ ਲੋਹੜੀ ਦੇ ਪਛੋਕੜ ਨਾਲ਼ ਜੁੜੀ ਇੱਕ ਕਹਾਣੀ ਬਿਆਨ ਕਰਦਾ ਹੈ। ਇਹ ਕਹਾਣੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਮੇ ਡਾਕੂ ਨਾਲ਼ ਸੰਬੰਧ ਰੱਖਦੀ ਹੈ।

ਸੁੰਦਰ ਮੁੰਦਰੀਏ ਦਾ ਗੀਤ ਇਸ ਪ੍ਰਕਾਰ ਹੈ: -

ਸੁੰਦਰ ਮੁੰਦਰੀਏ - ਹੋ
ਤੇਰਾ ਕੌਣ ਵਿਚਾਰਾ - ਹੋ
ਦੁੱਲਾ ਭੱਟੀ ਵਾਲਾ - ਹੋ
ਦੁੱਲੇ ਧੀ ਵਿਆਹੀ - ਹੋ
ਸੇਰ ਸ਼ੱਕਰ ਪਾਈ - ਹੋ
ਕੁੜੀ ਦੇ ਬੋਝੇ ਪਾਈ - ਹੋ
ਕੁੜੀ ਦਾ ਲਾਲ ਪਟਾਕਾ - ਹੋ
ਕੁੜੀ ਦਾ ਸਾਲੂ ਪਾਟਾ - ਹੋ
ਸਾਲੂ ਕੌਣ ਸਮੇਟੇ - ਹੋ
ਚਾਚਾ ਗਾਲੀ ਦੇਸੇ - ਹੋ
ਚਾਚੇ ਚੂਰੀ ਕੁੱਟੀ - ਹੋ
ਜੀਮੀਦਾਰਾਂ ਲੁੱਟੀ - ਹੋ
ਜ਼ੀਮੀਂਦਾਰ ਸਦਾਓ - ਹੋ
ਗਿਣ ਗਿਣ ਪੋਲੇ ਲਾਓ - ਹੋ
ਇਕ ਪੋਲਾ ਘਸ ਗਿਆ - ਹੋ
ਜ਼ੀਮੀਂਦਾਰ ਵਹੁਟੀ ਲੈ ਕੇ ਨਸ ਗਿਆ - ਹੋ
ਹੋ- ਹੋ-ਹੋ-ਹੋ-ਹੋ-ਹੋ-ਹੋ

ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ-ਸੁੰਦਰੀ ਤੇ ਮੁੰਦਰੀ। ਉਹ ਦੋਨੋਂ ਮੰਗੀਆਂ ਹੋਈਆਂ ਸਨ ਪਰੰਤੂ ਗਰੀਬੀ ਕਾਰਨ ਉਹ ਉਹਨਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਸਲਮਾਨ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਨੂੰ ਸੁੰਦਰੀ ਮੁੰਦਰੀ ਦੇ ਹੁਸਨ ਦੀ ਕਨਸ ਮਿਲੀ। ਉਹਨੇ ਇਹਨਾਂ ਨੂੰ ਜ਼ੋਰੀਂ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗਲ ਦੀ ਭਿਣਕ ਗ਼ਰੀਬ ਬ੍ਰਾਹਮਣ ਨੂੰ ਵੀ ਪੈ ਗਈ