ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਹੜੀ

ਲੋਹੜੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ। ਇਹ ਤਿਉਹਾਰ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿੱਚ ਇਸ ਤਿਉਹਾਰ ਦੀ ਬਹੁਤ ਮਹੱਤਤਾ ਹੈ। ਇਹ ਤਿਉਹਾਰ 1947 ਤੋਂ ਬਾਅਦ ਪੰਜਾਬ ਦਾ ਨਾ ਹੋ ਕੇ ਸਾਰੇ ਭਾਰਤ ਦਾ ਹੀ ਬਣ ਗਿਆ ਹੈ। ਦੇਸ ਦੇ ਵੰਡਾਰੇ ਕਾਰਨ ਪੰਜਾਬੀ ਭਾਰਤ ਦੇ ਵਖਰੇ ਵਖਰੇ ਖੇਤਰਾਂ ਵਿੱਚ ਜਾ ਵਸੇ ਹਨ। ਜਿਥੇ ਵੀ ਉਹ ਰਹਿੰਦੇ ਹਨ ਲੋਹੜੀ ਨੂੰ ਬੜੇ ਚਾਅ ਤੇ ਮਲ੍ਹਾਰ ਨਾਲ ਮਨਾਉਂਦੇ ਹਨ। ਲੋਹੜੀ ਦਾ ਤਿਉਹਾਰ ਮਨਾਉਣ ਸੰਬੰਧੀ ਕਈ ਵੈਦਕ ਪਰੰਪਰਾਵਾਂ, ਪੁਰਾਣਕ ਮਾਣਤਾਵਾਂ ਅਤੇ ਲੌਕਿਕ ਧਾਰਨਾਵਾਂ ਪਰਚਲਿਤ ਹਨ।

ਕਿਹਾ ਜਾਂਦਾ ਹੈ ਕਿ ਹੋਲਿਕਾ ਅਤੇ ਲੋਹੜੀ ਹਰਨਾਕਸ਼ ਦੀਆਂ ਦੋ ਭੈਣਾਂ ਸਨ। ਇਹਨਾਂ ਭੈਣਾਂ ਨੂੰ ਇਹ ਵਰ ਪਰਾਪਤ ਸੀ ਕਿ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਸੀ। ਉਹ ਰੱਬ ਦਾ ਭਗਤ ਸੀ। ਉਹ ਆਪਣੇ ਪਿਤਾ ਹਰਨਾਕਸ਼ ਦੀ ਥਾਂ ਈਸ਼ਵਰ ਦੀ ਪੂਜਾ ਕਰਿਆ ਕਰਦਾ ਸੀ ਜਿਸ ਕਰਕੇ ਹਰਨਾਕਸ਼ ਉਹਨੂੰ ਘਿਰਣਾ ਕਰਦਾ ਸੀ ਅਤੇ ਮਰਵਾਉਣਾ ਚਾਹੁੰਦਾ ਸੀ। ਹਰਨਾਕਸ਼ ਨੇ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਜਲਦੀ ਹੋਈ ਚਿਖਾ ਵਿੱਚ ਬੈਠ ਜਾਵੇ। ਉਹ ਜਲਦੀ ਹੋਈ ਚਿਖਾ ਵਿੱਚ ਬੈਠ ਗਈ। ਉਹ ਆਪ ਤਾਂ ਜਲ ਗਈ ਪਰੰਤੂ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ। ਇਸ ਮਗਰੋਂ ਹਰਨਾਕਸ਼ ਨੇ ਲੋਹੜੀ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ। ਉਹ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਚਿਖਾ ਵਿੱਚ ਜਾ ਬੈਠੀ ਪਰੰਤੂ ਲੋਹੜੀ ਆਪ ਜਲ ਗਈ ਤੇ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਸਾਰੇ ਲੋਕ ਆਪਣੀ ਲੰਮੇਰੀ ਉਮਰ ਦੀ ਕਾਮਨਾ ਕਰਨ ਲਈ ਲੋਹੜੀ ਬਾਲਣ ਲੱਗੇ ਤਾਂ ਜੋ ਉਹਨਾਂ ਸਾਰਿਆਂ ਦੀ ਉਮਰ ਪ੍ਰਹਿਲਾਦ ਵਾਂਗ ਲੰਮੀ ਹੋਵੇ। ਇਸ ਦਿਨ ਭੈਣਾਂ ਆਪਣੇ ਭਰਾਵਾਂ ਲਈ ਤੇ ਮਾਪੇ ਆਪਣੇ ਬੱਚਿਆਂ ਦੀ ਉਮਰ ਲੰਮੇਰੀ ਹੋਣ ਲਈ ਪ੍ਰਾਰਥਨਾਵਾਂ ਕਰਦੇ ਹਨ।

ਕਈ ਕਹਿੰਦੇ ਹਨ ਕਿ ਲੋਹੜੀ ਦੀ ਕਹਾਣੀ ਉਸ ਲੋਹਨੀ ਦੇਵੀ ਨਾਲ਼ ਸੰਬੰਧ ਰਖਦੀ ਹੈ ਜਿਸ ਨੇ ਇਕ ਭੈੜੇ ਦੈਂਤ ਨੂੰ ਜਲਾ ਕੇ ਰਾਖ ਕਰ ਦਿੱਤਾ ਸੀ। ਤਦ ਤੋਂ