ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਦਿਓ
ਭਤੀਜਾ ਦਿਓ
ਕੱਢਣ ਨੂੰ ਕਸੀਦਾ ਦਿਓ
ਹੋਰ ਨਾ ਕੁਛ ਲੋੜੀਏ

ਇਸ ਮਗਰੋਂ ਕੁੜੀਆਂ ਸਾਂਝੀ ਨੂੰ ਜਲ ਪਰਵਾਹ ਕਰਨ ਲੱਗੀਆਂ ਇਹ ਗੀਤ ਗਾਉਂਦੀਆਂ ਹਨ:

ਨ੍ਹਾਈਂ ਸਾਂਝੀ
ਧੋਈਂ ਸਾਂਝੀ
ਰੋਈਂ ਨਾ
ਵਰੇ ਦਿਨਾਂ ਨੂੰ ਫੇਰ ਲਾਵਾਂਗੇ

ਸਾਂਝੀ ਨੂੰ ਜਲ ਪਰਵਾਹ ਕਰਨ ਮਗਰੋਂ ਉਹ ਸਾਂਝੀ ਮਾਈ ਦੇ ਗੀਤ ਗਾਉਂਦੀਆਂ ਹੋਈਆਂ ਆਪਣੇ ਘਰਾਂ ਨੂੰ ਪਰਤ ਜਾਂਦੀਆਂ ਹਨ। ਰਾਹ ਵਿੱਚ ਜੇ ਕਿਧਰੇ ਉਹਨਾਂ ਨੂੰ ਕੋਈ ਬਾਹਮਣ ਮਿਲ ਜਾਵੇ ਤਾਂ ਝਟ ਟਕੋਰ ਲਾ ਦਿੰਦੀਆਂ ਹਨ:

ਕਾਲਾ ਬਾਹਮਣ ਖਾ ਗਿਆ
ਮਟਕਾ ਗਿਆ
ਮੇਰੀ ਸਾਂਝੀ ਦੇ ਸਿਰ ਲਾ ਗਿਆ

ਗੀਤ ਗਾ ਰਹੀਆਂ ਨਿੱਕੀਆਂ ਬੱਚੀਆਂ ਝੂਮ ਝੂਮ ਜਾਂਦੀਆਂ ਹਨ। ਦੁਸਹਿਰੇ ਦਾ ਮੇਲਾ ਵੇਖਣ ਦਾ ਚਾਅ ਉਹਨਾਂ ਦੀਆਂ ਅੱਖਾਂ ਵਿੱਚ ਲਿਸ਼ਕਣ ਲੱਗ ਪੈਂਦਾ ਹੈ।