ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਲੋਕ ਗੀਤਾਂ ਦੇ ਅਧਿਐਨ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬੀ ਮੁਟਿਆਰ ਨੇ ਸਭ ਤੋਂ ਵੱਧ ਗੀਤਾਂ ਦੀ ਸਿਰਜਨਾ ਕੀਤੀ ਹੈ। ਗੱਭਰੂਆਂ ਦਾ ਆਪਣਾ ਯੋਗਦਾਨ ਹੈ ਪ੍ਰੰਤੂ ਜੋ ਸੂਖ਼ਮਤਾ ਤੇ ਸਰਲਤਾ ਮੁਟਿਆਰਾਂ ਦੇ ਗੀਤਾਂ ਵਿੱਚ ਹੈ ਉਹ ਗਭਰੂਆਂ ਦੇ ਗੀਤਾਂ ਵਿੱਚ ਨਜ਼ਰ ਨਹੀਂ ਆਉਂਦੀ। ਲੋਕ ਗੀਤ ਕਿਸੇ ਇਕ ਵਿਅਕਤੀ ਦੀ ਰਚਨਾ ਨਹੀਂ ਹੁੰਦੇ ਬਲਕਿ ਸਮੂਹਿਕ ਰੂਪ ਵਿੱਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹੁੰਦੇ ਹਨ ਜਿਸ ਕਰਕੇ ਇਹ ਐਨੀ ਸਰਲਤਾ ਭਰਪੂਰ ਰਚਨਾ ਬਣ ਗਏ ਹਨ ਤੇ ਸਦੀਆਂ ਦਾ ਪੈਂਡਾ ਝਾਗਕੇ ਸਾਡੇ ਤੀਕ ਮੂੰਹੋ ਮੂੰਹੀਂ ਪੁੱਜੇ ਹਨ। ਇਹ ਕਿਸ ਨੇ ਰਚੇ ਤੇ ਕਦੋਂ ਰਚੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹ ਤਾਂ ਜਨ ਸਮੂਹ ਦੀ ਆਤਮਾ ਹਨ ਜਿਸ ਵਿੱਚ ਉਹਨਾਂ ਦੀਆਂ ਗ਼ਮੀਆਂ, ਖ਼ੁਸ਼ੀਆਂ, ਭਾਵਨਾਵਾਂ ਅਤੇ ਜਜ਼ਬਿਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਪੰਜਾਬੀ ਜੀਵਨ ਨਾਲ਼ ਜੁੜੀਆਂ ਰਸਮਾਂ ਅਤੇ ਤਿਉਹਾਰ ਉਹ ਅਖਾੜੇ ਹਨ ਜਿੱਥੇ ਪੰਜਾਬੀ ਮੁਟਿਆਰਾਂ ਤੇ ਗੱਭਰੂ ਆਪਣੇ ਦਿਲਾਂ ਦੇ ਅਰਮਾਨ ਪੂਰੇ ਕਰਦੇ ਹਨ। ਲੋਹੜੀ ਅਤੇ ਵਿਸਾਖੀ ਦਾ ਤਿਉਹਾਰ ਪੰਜਾਬੀਆਂ ਲਈ ਨਵੇਂ ਚਾਅ ਅਤੇ ਉਮਾਹ ਲੈ ਕੇ ਆਉਂਦਾ ਹੈ। ਇਹਨਾਂ ਤਿਉਹਾਰਾਂ ਨਾਲ ਸੰਬੰਧ ਰਖਦੇ ਅਨੇਕਾਂ ਲੋਕ ਗੀਤ ਪੰਜਾਬੀਆਂ ਦਾ ਮਨੋਰੰਜਨ ਕਰਦੇ ਹਨ।

ਤੀਆਂ ਦਾ ਤਿਉਹਾਰ ਵਿਆਹੀਆਂ ਅਤੇ ਕੁਆਰੀਆਂ ਮੁਟਿਆਰਾਂ ਲਈ ਚਾਵਾਂ ਮੱਤਾ ਹੁੰਦਾ ਹੈ ਜਿੱਥੇ ਉਹ ਅਨੇਕਾਂ ਗੀਤ ਗਾ ਕੇ ਆਪਣੇ ਦਿਲਾਂ ਦੇ ਗੁਭ ਗੁਭਾੜ ਕਢਦੀਆਂ ਹਨ। ਤੀਆਂ ਦੇ ਗਿੱਧੇ ਵਿੱਚ ਕੁੜੀਆਂ ਜਿੱਥੇ ਆਪਣੇ ਪੇਕੇ ਪਰਿਵਾਰ ਦੇ ਜੀਆਂ ਦੀ ਸੁਖ ਸੁਖਦੀਆਂ ਹੋਈਆਂ ਆਪਣੇ ਬਾਬਲ, ਮਾਂ ਤੇ ਵੀਰੇ ਨੂੰ ਯਾਦ ਕਰਦੀਆਂ ਹਨ ਉਥੇ ਉਹ ਆਪਣੇ ਸੱਸ-ਸਹੁਰੇ, ਜੇਠ-ਜਠਾਣੀ, ਨਣਦ, ਦਿਉਰ ਅਤੇ ਦਿਲ ਦੇ ਮਹਿਰਮ ਬਾਰੇ ਅਨੇਕਾਂ ਗੀਤ ਗਾ ਕੇ ਆਪਣੇ ਮਨ ਦੀ ਭੜਾਸ ਕੱਢਦੀਆਂ ਹਨ।

ਤ੍ਰਿੰਜਣ ਪੰਜਾਬੀ ਸਭਿਆਚਾਰ ਦਾ ਵਿਸ਼ੇਸ਼ ਭਾਗ ਰਿਹਾ ਹੈ। ਸਿਆਲ ਦੀਆਂ ਲੰਬੀਆਂ ਰਾਤਾਂ ਨੂੰ ਗਲੀ-ਗੁਆਂਢ ਦੀਆਂ ਕੁੜੀਆਂ ਨੇ ਕੱਠੀਆਂ ਹੋ ਕੇ ਛੋਪ ਕਤਣੇ। ਸਾਰੀ ਸਾਰੀ ਰਾਤ ਚਰਖੇ ਦੀ ਘੂਕਰ ਨਾਲ ਲੰਮੀਆਂ ਹੇਕਾਂ ਵਾਲੇ ਗੀਤ ਗਾਉਣੇ। ਤ੍ਰਿੰਜਨ ਦੇ ਗੀਤਾਂ ਵਿੱਚ ਲਾਮ ਤੇ ਗਏ ਮਾਹੀ ਦਾ ਵਿਛੋੜਾ, ਸੱਸ-ਨਣਦ ਤੇ ਜਠਾਣੀ ਦੇ ਰੜਕਵੇਂ ਬੋਲਾਂ ਦਾ ਵਰਨਣ, ਵੀਰ ਦਾ ਪਿਆਰ ਅਤੇ ਦਿਲ ਦੇ ਮਹਿਰਮ ਦਾ ਜ਼ਿਕਰ ਵਧੇਰੇ ਹੁੰਦਾ ਸੀ। ਕਿਸੇ ਵਿਰਹੋਂ ਕੁਠੀ ਨੇ ਪੁੰਨੂੰ ਦੀ ਕਹਾਣੀ ਛੁਹ ਦੇਣੀ, ਕਿਸੇ ਜੋਗੀ ਬਣੇ ਰਾਂਝੇ ਦਾ ਗੀਤ ਦਰਦੀਲੇ ਬੋਲਾਂ ਨਾਲ਼ ਗਾਉਣਾ। ਤ੍ਰਿੰਜਨ ਦਾ ਇਕ ਗੀਤ ਹੈ :-

ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 11