ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ; ਗੋਰੇ ਗੋਰੇ ਹੱਥਾਂ ਤੇ ਮਹਿੰਦੀ ਲਾਉਂਦੀਆਂ ਹਨ, ਗੋਰੀਆਂ ਬਾਹਾਂ ਰਾਂਗਲੀਆਂ ਵੰਗਾਂ ਨਾਲ਼ ਸਜਾਉਂਦੀਆਂ ਹਨ। ਰੰਗ ਬਰੰਗੀਆਂ ਪੁਸ਼ਾਕਾਂ ਪਹਿਨੀ ਪੀਂਘਾਂ ਝੂਟਦੀਆਂ ਮੁਟਿਆਰਾਂ ਇਕ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ:

ਆਇਆ ਸਾਵਣ ਦਿਲ ਪ੍ਰਚਾਵਣ
ਝੜੀ ਲਗ ਗਈ ਭਾਰੀ
ਝੂਟੇ ਲੈਂਦੀ ਮਰੀਆਂ ਭਿਜ ਗਈ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋਂ ਦੀ ਫੁਲਕਾਰੀ
ਹਰਨਾਮੀ ਦੀ ਸੁਥਣ ਭਿਜਗੀ
ਬਹੁਤੇ ਗੋਟੇ ਵਾਲੀ
ਜੰਨਤ ਦੀਆਂ ਭਿੱਜੀਆ ਮੇਢੀਆਂ
ਗਿਣਤੀ 'ਚ ਪੂਰੀਆਂ ਚਾਲੀ
ਪੀਂਘ ਝੂਟਦੀ ਸੱਸੀ ਡਿਗ ਪਈ
ਨਾਲ਼ੇ ਨੂਰੀ ਨਾਭੇ ਵਾਲੀ
ਸ਼ਾਮੋ ਕੁੜੀ ਦੀ ਝਾਂਜਰ ਗੁਆਚ ਗਈ
ਆ ਰੱਖੀ ਨੇ ਭਾਲੀ
ਭਿਜ ਗਈ ਲਾਜੋ ਵੇ
ਬਹੁਤੇ ਹਿਰਖਾਂ ਆਲੀ
ਸਾਉਣ ਦਿਆ ਬੱਦਲਾ ਵੇ
ਹੀਰ ਭਿਉਂਤੀ ਸਿਆਲਾਂ ਵਾਲੀ

ਗਿੱਧਾ ਪੰਜਾਬਣਾਂ ਦੇ ਰੋਮ ਰੋਮ ਵਿੱਚ ਸਮਾ ਚੁੱਕਾ ਹੈ। ਤੀਆਂ ਦਾ ਗਿੱਧਾ ਇਕ ਅਜਿਹਾ ਪਿੜ ਹੈ ਜਿੱਥੇ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ ਗੁਵਾੜ ਕਢਦੀਆਂ ਹਨ:

ਸਿਖਰ ਦੁਪਹਿਰੇ ਵੰਗਾਂ ਵਾਲਾ ਆਇਆ
ਹੋਕਾ ਦਿੰਦਾ ਸੁਣਾ, ਸ਼ਾਵਾ
ਸੱਸ ਨੂੰ ਵੀ ਆਖਦੀ
ਨਨਾਣ ਨੂੰ ਵੀ ਆਖਦੀ
ਵੰਗਾਂ ਦਿਓ ਨੀ ਚੜ੍ਹਾ, ਸ਼ਾਵਾ
ਸੱਸ ਵੀ ਨਾ ਬੋਲਦੀ
ਨਨਾਣ ਵੀ ਨਾ ਬੋਲਦੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 138