ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/14

ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਬੋਦੀ ’ਚ ਪੈਗੀ ਜੂੰ ਵੇ
ਇਕ ਮੈਂ ਕੱਢਾਂ ਇਕ ਤੂੰ ਵੇ
ਕੱਢਣ ਵਾਲਾ ਕੀ ਕਰੇ
ਕੁਪੱਤਾ ਵੀਰਾ ਤੂੰ ਵੇ

ਬਾਲਪਨ ਦੇ ਆਪਣੇ ਗੀਤ ਨੇ। ਬੱਚੇ ਖੇਡਾਂ ਖੇਡਦੇ ਹੋਏ ਅਨੇਕਾਂ ਗੀਤ ਗਾਉਂਦੇ ਹਨ। ਪੁੱਗਣ ਸਮੇਂ ਇਹ ਗੀਤ ਗਾਇਆ ਜਾਂਦਾ ਹੈ: -

ਈਂਗਣ ਮੀਂਗਣ ਤਲੀ ਤਲੀਂਗਣ
ਕਾਲਾ ਪੀਲਾ ਡੱਕਰਾ
ਗੁੜ ਖਾਵਾਂ ਵੇਲ ਵਧਾਵਾਂ
ਮੂਲੀ ਪੱਤਰਾ
ਪੱਤਰਾਂ ਵਾਲੇ ਘੋੜੇ ਆਏ
ਹੱਥ ਕੁਤਾੜੀ ਪੈਰ ਕੁਤਾੜੀ
ਨਿੱਕਲ ਬਾਲਿਆ ਤੇਰੀ ਬਾਰੀ

ਸਕੂਲਾਂ ਵਿੱਚ ਪੜ੍ਹਦੇ ਬੱਚੇ ਫੱਟੀਆਂ ਸੁਕਾਉਂਦੇ ਹੋਏ ਗਾਉਂਦੇ ਹਨ :-

ਸੂਰਜਾ ਸੂਰਜਾ ਫੱਟੀ ਸੁਕਾ
ਨਹੀਂ ਸੁਕਾਉਣੀ ਗੰਗਾ ਜਾ
ਗੰਗਾ ਜਾ ਕੇ ਪਿੰਨੀਆਂ ਲਿਆ
ਇਕ ਪਿੰਨੀ ਫੁਟਗੀ
ਮੇਰੀ ਫੱਟੀ ਸੁੱਕ ਗੀ

ਨਿੱਕੀਆਂ ਬੱਚੀਆਂ ਥਾਲ ਤੇ ਕਿੱਕਲੀ ਪਾਉਂਦੀਆਂ ਹੋਈਆਂ ਗੀਤਾਂ ਦੀ ਝੜੀ ਲਾ ਦਿੰਦੀਆਂ ਹਨ: ਇਕ ਕਿੱਕਲੀ ਦਾ ਗੀਤ ਹੈ :-

ਅੰਬੇ ਨੀ ਮਾਏ ਅੰਬੇ
ਮੇਰੇ ਸਤ ਭਰਾ ਮੰਗੇ
ਮੇਰਾ ਇਕ ਭਰਾ ਕੁਆਰਾ
ਉਹ ਚੌਪਟ ਖੇਡਣ ਵਾਲਾ
ਚੌਪਟ ਕਿੱਥੇ ਖੇਡੇ
ਲਾਹੌਰ ਸ਼ਹਿਰ ਖੇਡੇ
ਲਾਹੌਰ ਸ਼ਹਿਰ ਉੱਚਾ
ਮੈਂ ਮਨ ਪਕਾਇਆ ਸੁੱਚਾ
ਮੇਰੇ ਮਨ ਨੂੰ ਲੱਗੇ ਮੋਤੀ
ਮੈਂ ਗਲੀਆਂ ਵਿੱਚ ਖਲੋਤੀ
ਬੜੇ ਬਾਬੇ ਦੀ ਪੋਤੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 10