ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮ ਘਟਾ ਚੜ੍ਹ ਆਈਆਂ

ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਗੀਤ ਮਿਸ਼ਰੀ ਵਾਂਗ ਘੁਲੇ ਹੋਏ ਹਨ। ਇਹ ਪੰਜਾਬੀਆਂ ਦੇ ਅਰਮਾਨਾਂ ਦੀ ਤਜਰਮਾਨੀ ਕਰਦੇ ਹਨ। ਉਹਨਾਂ ਦੇ ਦੁਖ, ਸੁਖ, ਭਾਵਨਾਵਾਂ, ਪਿਆਰ, ਵਿਛੋੜਾ-ਸੰਜੋਗ ਇਹਨਾਂ ਗੀਤਾਂ ਵਿੱਚ ਓਤ ਪੋਤ ਹਨ। ਪੰਜਾਬ ਦੀਆਂ ਇਸਤਰੀਆਂ ਦਾ ਪੰਜਾਬੀ ਲੋਕ ਗੀਤਾਂ ਨੂੰ ਬਹੁਤ ਵੱਡਾ ਯੋਗਦਾਨ ਹੈ। ਸ਼ਾਇਦ ਹੀ ਜਿੰਦਗੀ ਦਾ ਕੋਈ ਅਜਿਹਾ ਪੱਖ ਹੋਵੇ ਜਿਸ ਬਾਰੇ ਇਹਨਾਂ ਨੇ ਗੀਤਾਂ ਦੀ ਸਿਰਜਣਾ ਨਾ ਕੀਤੀ ਹੋਵੇ। ਰੁੱਤਾਂ, ਤਿਉਹਾਰਾਂ ਅਤੇ ਸਮਾਜਿਕ ਰਿਸ਼ਤਿਆਂ ਬਾਰੇ ਇਹਨਾਂ ਬੜੇ ਪਿਆਰੇ ਅਤੇ ਮਨਮੋਹਕ ਲੋਕ ਗੀਤਾਂ ਦੀ ਰਚਨਾ ਕੀਤੀ ਹੈ।

ਪੰਜਾਬੀਆਂ ਲਈ ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਜੇਠ ਹਾੜ ਦੀ ਅਤਿ ਦੀ ਗਰਮੀ ਅਤੇ ਲੂੰਹਦੀਆਂ ਲੋਆਂ ਮਗਰੋਂ ਸਾਉਣ ਮਹੀਨੇ ਦੀਆਂ ਠੰਢੀਆਂ ਠਾਰ ਅਤੇ ਮਹਿਕਦੀਆਂ ਹਵਾਵਾਂ ਸਾਰੇ ਵਾਤਾਵਰਣ ਨੂੰ ਰੁਮਾਂਚਕ ਬਣਾ ਦੇਂਦੀਆਂ ਹਨ। ਨਿੱਕੀ ਨਿੱਕੀ ਕਣੀ ਦਾ ਮੀਂਹ, ਸਾਉਣ ਦੇ ਸਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸਾਂਸਕ੍ਰਿਤਕ ਜੀਵਨ ਵਿੱਚ ਅਨੂਠਾ ਰੰਗ ਭਰਦੀਆਂ ਹਨ। ਸਾਰਾ ਵਾਤਾਵਰਣ ਨਸ਼ਿਆ ਜਾਂਦਾ ਹੈ। ਧਰਤੀ ਮੌਲਦੀ ਹੈ-ਬਨਸਪਤੀ ਤੇ ਨਵਾਂ ਨਖਾਰ ਆਉਂਦਾ ਹੈ। ਬੱਦਲਾਂ ਨੂੰ ਵੇਖ ਕਿਧਰੇ ਮੋਰ ਪੈਲਾਂ ਪਾਉਂਦੇ ਹਨ, ਕਿਧਰੇ ਕੋਇਲਾਂ ਕੂਕਦੀਆਂ ਹਨ। ਬ੍ਰਿਹਣਾਂ ਵਿਛੋੜੇ ਦੇ ਬਾਣ ਸਹਿੰਦੀਆਂ ਹੋਈਆਂ ਆਪਣੇ ਦਿਲਾਂ ਦੇ ਮਹਿਰਮਾਂ ਨੂੰ ਯਾਦ ਕਰਦੀਆਂ ਹਨ। ਗੀਤ ਦੇ ਬੋਲ ਹਨ:

ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀ
ਪੀਂਘਾਂ ਪਿਪਲੀਂ ਜਾਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 132