ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੀ ਹੋਈ ਆਪਣੇ ਮੋਹ ਦਾ ਪ੍ਰਗਟਾਵਾ ਕਰਦੀ ਹੈ:-

ਪਿਪਲਾ ਵੇ ਮੇਰੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ।
ਢਾਬ ਤੇਰੀ ਦਾ ਗੰਧਲਾ ਪਾਣੀ
ਉਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ।
ਚਿੱਠੀਆਂ ਬਿਰੰਗ ਭੇਜਦਾ
ਕਿਹੜੀ ਛਾਉਣੀ ਲਵਾ ਲਿਆ ਨਾਵਾਂ।

ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋ ਰਹੇ ਆਪਣੇ ਗੱਭਰੂ ਨੂੰ ਪੰਜਾਬ ਦੀ ਮੁਟਿਆਰ ਹੋੜਦੀ ਹੈ:

ਜੇ ਮੁੰਡਿਆ ਸੀ ਭਰਤੀ ਹੋਣਾ
ਵਿਆਹ ਨਹੀਂ ਸੀ ਕਰਵਾਉਣਾ
ਤਿੰਨ ਤਿੰਨ ਵੇਲੇ ਕਰੌਣ ਪਰੇਟਾਂ
ਬਾਂਦਰ ਵਾਂਗ ਟਪਾਉਣਾ
ਮਾਰਨ ਗੋਲੇ ਸਿਟਣ ਮੂਧਾ
ਕੁੱਤਿਆਂ ਵਾਂਗ ਰੁਲਾਉਣਾ।
ਨੌਕਰ ਨਾ ਜਾਈਂ ਵੇ।
ਆਪਣਾ ਦੇਸ਼ ਨੀ ਥਿਆਉਣਾ।

ਦੇਸ ਪਿਆਰ ਦੀ ਭਾਵਨਾ ਕਰਕੇ ਹੀ ਤਾਂ ਉਹ ਆਪਣੇ ਮਾਪਿਆਂ ਦਾ ਦੇਸ਼ ਛੱਡ ਕੇ ਮੁਕਲਾਵੇ ਜਾਣ ਲਈ ਤਿਆਰ ਨਹੀਂ:

ਤਖ਼ਤ ਹਜ਼ਾਰਿਉਂ ਵੰਗਾਂ ਆਈਆਂ
ਬੜੇ ਸ਼ੌਕ ਨਾਲ ਪਾਵਾਂ
ਮਾਪਿਆਂ ਦਾ ਦੇਸ ਛੱਡ ਕੇ
ਮੈਂ ਕਿਵੇਂ ਮੁਕਲਾਵੇ ਜਾਵਾਂ।

ਪਰਦੇਸਾਂ ਵਿੱਚ ਖੱਟੀ ਕਰਨ ਗਏ ਗੱਭਰੂ ਨੂੰ ਉਹ ਗੋਰੀ ਹੀ ਆਖ ਸਕਦੀ ਹੈ ਜਿਸ ਦੇ ਰੋਮ ਰੋਮ ਵਿੱਚ ਦੇਸ ਪਿਆਰ ਰਮਿਆ ਹੋਵੇ:

ਵਤਨਾਂ ਦੀ ਵਾ ਭਖ ਲੈ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 128