ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ ਪਿਆਰ ਦੇ ਲੋਕ ਗੀਤ

ਪੰਜਾਬ ਦੇ ਲੋਕ ਗੀਤਾਂ ਵਿੱਚ ਮਾਤ-ਭੂਮੀ ਦਾ ਮੋਹ ਕੱਚੇ ਦੁੱਧ ਦੀਆਂ ਧਾਰਾਂ ਵਾਂਗ ਖੁਸ਼ਬੂਆਂ ਵੰਡ ਰਿਹਾ ਹੈ। ਪੰਜਾਬੀ ਇਸ ਦੇ ਚੱਪੇ ਚੱਪੇ ਨੂੰ ਪਿਆਰ ਕਰਦੇ ਹਨ, ਜ਼ੱਰੇ ਜ਼ੱਰੇ ਨੂੰ ਹਿੱਕ ਨਾਲ ਲਾਉਂਦੇ ਹਨ। ਲੋਕ ਗੀਤਾਂ ਵਿੱਚ ਪੰਜਾਬ ਦੇ ਰੁੱਖਾਂ, ਫ਼ਸਲਾਂ, ਰੁੱਤਾਂ, ਪਸ਼ੂਆਂ ਅਤੇ ਪੰਛੀਆਂ ਦਾ ਜ਼ਿਕਰ ਦੇਸ ਪ੍ਰੇਮ ਦੇ ਮੋਹ ਦੀ ਸਾਖੀ ਭਰਦਾ ਹੈ।

ਅਥਰਵ-ਵੇਦ ਦੇ ਰਿਸ਼ੀ ਕਵੀ ਦੇ ਇਕ ਸੂਤਕ ਦਾ ਭਾਵ ਹੈ:

"ਇਹ ਭੂਮੀ ਮਾਤਾ ਹੈ ਤੇ ਮੈਂ ਹਾਂ ਪ੍ਰਿਥਵੀ ਪੱਤਰ। ਪ੍ਰਿਥਵੀ ਮਾਤਾ ਨੂੰ ਪਰਣਾਮ, ਪ੍ਰਿਥਵੀ ਮਾਤਾ ਨੂੰ ਪਰਣਾਮ।" ਅਥਰਵ ਵੇਦ ਵਿੱਚ ਉਸ ਯੁੱਗ ਦੇ ਪੰਜਾਬ ਦੀ ਸੰਸਕ੍ਰਿਤੀ ਦਾ ਸਜੀਵ ਚਿਤਰ ਉਲੀਕਿਆ ਗਿਆ ਹੈ। "ਜਿਸ ਭੁਮੀ ਤੇ ਮਸਤ ਲੁਕਾਈ ਗਾਉਂਦੀ ਤੇ ਨੱਚਦੀ ਹੈ, ਜਿੱਥੇ ਗੱਭਰੂ ਪੁਰਸ਼ ਜੂਝਦੇ ਘੁਲਦੇ ਹਨ, ਜਿੱਥੇ ਯੁੱਧ ਦਾ ਨਗਾਰਾ ਵਜਦਾ ਹੈ, ਉਹ ਭੂਮੀ ਮੈਨੂੰ ਵੈਰੀਆਂ ਤੋਂ ਰਹਿਤ ਕਰ ਦੇਵੋ।" ਅਥਰਵ ਵੇਦ ਦੇ ਪ੍ਰਿਥਵੀ ਸੂਤਕ ਵਾਲੀ ਭਾਵਨਾ ਪੰਜਾਬੀ ਲੋਕ ਗੀਤਾਂ ਵਿੱਚ ਅੱਜ ਵੀ ਤੁਰ ਰਹੀ ਹੈ। ਧਰਤੀ ਨੂੰ ਪਰਣਾਮ ਕਰਨ ਦੀ ਪਰੰਪਰਾ ਦੀ ਸੁਰ ਸਾਡੇ ਗੀਤਾਂ ਵਿੱਚ ਉਭਰਦੀ ਹੈ:

ਧਰਤੀਏ ਪਿਆਰ ਕਰੇਂਦੀਏ, ਕਰ ਮਾਖਿਓਂ ਦੀ ਰੀਸ
ਕਣਕੋਂ ਕਣਕ ਵੰਡਾਈਏ, ਦੁਧੋਂ ਦੁਧ ਅਸੀਸ।
ਧਰਤੀਏ ਪਿਆਰ ਕਰੇਂਦੀਏ, ਤੇਰਾ ਮੱਥਾ ਨੂਰੋਂ ਨੂਰ
ਸਿਰ ਤੇ ਸੁਭਰ ਸੋਹੰਦਾ, ਘਗਰਾ ਹਰਾ ਕਚੂਰ
ਧਰਤੀਏ ਪਿਆਰ ਕਰੇਂਦੀਏ, ਛੰਦਾਂ ਵਿਚੋਂ ਛੰਦ
ਡਾਹ ਸੂਰਜ ਦਾ ਚਰਖੜਾ, ਰੁੱਤਾਂ ਕੱਢਣ ਤੰਦ
ਧਰਤੀਏ ਪਿਆਰ ਕਰੇਂਦੀਏ, ਕੇਹੀ ਸੂਰਜ ਦੀ ਲੋਅ
ਆਦਿ ਜੁਗਾਦੀ ਸੱਚ ਦੀ, ਜਨਮ ਜਨਮ ਜੈ ਹੋ।

ਆਦਿ ਸੱਚ ਦੀ ਜੈ ਬੁਲਾਂਦੀ ਆਤਮਾ ਆਪਣੇ ਪਿੰਡ ਦੇ ਕਣ ਕਣ ਨੂੰ ਯਾਦ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 127